Restaurant Firing: ਹਰਿਆਣਾ ਦੇ ਪੰਚਕੂਲਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਚਕੂਲਾ ਵਿੱਚ ਐਤਵਾਰ ਰਾਤ ਨੂੰ ਮੋਰਨੀ ਰੋਡ ਸਥਿਤ ਬੁਰਜਕੋਟੀਆ ਰੋਡ 'ਤੇ "ਸਲਤਨਤ ਰੈਸਟੋਰੈਂਟ" ਵਿੱਚ ਇੱਕ ਲੜਕੀ ਅਤੇ ਦੋ ਲੜਕਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨੋਂ ਜਨਮ ਦਿਨ ਦੀ ਪਾਰਟੀ ਲਈ ਪਿੰਜੌਰ ਦੇ ਇੱਕ "ਸਲਤਨਤ ਰੈਸਟੋਰੈਂਟ" ਵਿੱਚ ਆਏ ਸਨ। ਉਹ ਪਾਰਕਿੰਗ ਵਿੱਚ ਸਨ ਜਦੋਂ ਕਾਰ ਵਿੱਚ ਆਏ ਨੌਜਵਾਨਾਂ ਨੇ ਉਨ੍ਹਾਂ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਦੋਵੇਂ ਮ੍ਰਿਤਕ ਮਾਮਾ-ਭਾਣਜਾ ਦੱਸੇ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਕੇਸ ਦਰਜ ਹਨ। ਪੁਲਿਸ ਜਾਂਚ ਵਿੱਚ ਜੁੱਟੀ ਹੋਈ ਹੈ।  


ਪੁਲਿਸ ਅਨੁਸਾਰ ਇਸ ਗੋਲੀਬਾਰੀ ਵਿੱਚ ਵਿੱਕੀ, ਵਿਨੀਤ ਅਤੇ ਨਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿੱਕੀ ਅਤੇ ਵਿਨੀਤ ਮਾਮਾ-ਭਾਣਜਾ ਸਨ। ਵਿੱਕੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। 2019 ਵਿੱਚ ਪੰਚਕੂਲਾ ਦੇ ਸੈਕਟਰ-20 ਥਾਣੇ ਵਿੱਚ ਦਰਜ ਕੇਸ ਵੀ ਸ਼ਾਮਲ ਹੈ। ਪੁਲਿਸ ਨੇ ਘਟਨਾ ਨੂੰ ਗੈਂਗ ਵਾਰ ਨਾਲ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਦੇ ਪੁੱਜਣ 'ਤੇ ਹੋਟਲ ਸਟਾਫ-ਮੈਨੇਜਰ ਫਰਾਰ 


ਤਿੰਨਾਂ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਡੀਸੀਪੀ ਮੁਕੇਸ਼ ਮਲਹੋਤਰਾ, ਡੀਸੀਪੀ ਮਨਪ੍ਰੀਤ ਸੂਦਨ, ਡੀਐਸਪੀ ਕਾਲਕਾ ਅਤੇ ਚੌਕੀ ਇੰਚਾਰਜ ਅਮਰਾਵਤੀ ਤੁਰੰਤ ਮੌਕੇ ’ਤੇ ਪੁੱਜੇ। ਘਟਨਾ ਤੋਂ ਬਾਅਦ ਹੋਟਲ ਸਟਾਫ ਅਤੇ ਮੈਨੇਜਰ ਮਨਿਲ ਮੋਂਗੀਆ ਫਰਾਰ ਹਨ। ਪੁਲਿਸ ਪੂਰੀ ਘਟਨਾ ਦੀ ਜਾਣਕਾਰੀ ਹਾਸਲ ਕਰ ਰਹੀ ਹੈ।


ਮ੍ਰਿਤਕ ਦੇ ਦੋਸਤਾਂ ਅਤੇ ਪਾਰਟੀ ਵਿੱਚ ਆਏ ਲੋਕਾਂ ਤੋਂ ਪੁੱਛਗਿੱਛ  


ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੰਚਕੂਲਾ ਦੇ ਸੈਕਟਰ-6 ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮੌਕੇ 'ਤੇ ਪੁਲਿਸ ਡਿਪਟੀ ਕਮਿਸ਼ਨਰ ਹਿਮਾਦਰੀ ਕੌਸ਼ਿਕ, ਏਸੀਪੀ ਅਰਵਿੰਦ ਕੰਬੋਜ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਜੂਦ ਸੀ। ਮ੍ਰਿਤਕ ਦੇ ਦੋਸਤਾਂ ਅਤੇ ਪਾਰਟੀ ਵਿੱਚ ਸ਼ਾਮਲ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।