ਲੰਡਨ: ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਆਪਣੀ ਹਵਾਲਗੀ ਦਾ ਫੈਸਲਾ ਆਉਣ ਤੋਂ 5 ਦਿਨ ਪਹਿਲਾਂ ਹੀ ਭਾਰਤੀ ਬੈਂਕਾਂ ਦਾ ਸਾਰਾ ਕਰਜ਼ਾ ਮੋੜਨ ਦੀ ਹਾਮੀ ਭਰ ਦਿੱਤੀ ਹੈ। ਮਾਲਿਆ ਨੇ ਟਵੀਟ ਜ਼ਰੀਏ ਭਾਰਤੀ ਬੈਂਕਾਂ ਤੇ ਸਰਕਾਰ ਨੂੰ ਉਸ ਦਾ ਪ੍ਰਸਤਾਵ ਮੰਨਣ ਦੀ ਅਪੀਲ ਕੀਤੀ ਹੈ। ਮਾਲਿਆ ਨੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਕਰਜ਼ਾ ਦੇਣਾ ਹੈ। ਉਹ ਲੰਡਨ ਵਿੱਚ ਰਹਿੰਦਾ ਹੈ ਤੇ ਯੂਕੇ ਦੀ ਅਦਾਲਤ 10 ਦਸੰਬਰ ਨੂੰ ਉਸ ਦੀ ਭਾਰਤ ਵੱਲ ਹਵਾਲਗੀ ਲਈ ਫੈਸਲਾ ਸੁਣਾ ਸਕਦੀ ਹੈ।

ਵਿਜੈ ਮਾਲਿਆ ਨੇ ਕਿਹਾ ਹੈ ਕਿ ਹਵਾਲਗੀ ’ਤੇ ਫੈਸਲੇ ਦਾ ਮਾਮਲਾ ਵੱਖਰਾ ਹੈ। ਇਸ ਵਿੱਚ ਤਾਂ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਪਰ ਲੋਕਾਂ ਦੇ ਪੈਸੇ ਦਾ ਭੁਗਤਾਨ ਅਹਿਮ ਗੱਲ ਹੈ ਤੇ ਉਹ 100 ਫੀਸਦੀ ਪੈਸੇ ਮੋੜਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਲੀਡਰ ਤੇ ਮੀਡੀਆ ਉਸ ਦੇ ਡਿਫਲਟਰ ਹੋਣ ਤੇ ਸਰਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਭੱਜਣ ਦੀ ਗੱਲ ’ਤੇ ਜ਼ੋਰ ਦੇ ਰਹੇ ਹਨ ਜੋ ਸਰਾਸਰ ਗ਼ਲਤ ਹੈ। ਉਸ ਨੇ ਇਸ ਵਰਤਾਉ ’ਤੇ ਇਤਰਾਜ਼ ਜ਼ਾਹਰ ਕੀਤਾ।



ਇਸ ਦੇ ਨਾਲ ਹੀ ਮਾਲਿਆ ਨੇ ਦਲੀਲ ਪੇਸ਼ ਕੀਤੀ ਹੈ ਕਿ ਕਿੰਗਫਿਸ਼ਰ ਏਅਰਲਾਈਨ ਦੀ ਹਾਲਤ ਹਵਾਈ ਈਂਧਣ ਮਹਿੰਗਾ ਹੋਣ ਦੀ ਵਜ੍ਹਾ ਕਰਕੇ ਵਿਗੜੀ ਸੀ। ਕੰਪਨੀ ਨੂੰ ਮਹਿੰਗੇ ਤੇਲ ਦੀ ਵਜ੍ਹਾ ਕਰਕੇ ਘਾਟਾ ਪਿਆ ਤੇ ਬੈਂਕਾਂ ਤੋਂ ਲਏ ਕਰਜ਼ੇ ਨਾਲ ਗੁਜ਼ਾਰਾ ਕੀਤਾ। ਉਸ ਨੇ ਬੈਂਕਾਂ ਦਾ ਪੂਰਾ ਮੂਲਧਨ ਮੋੜਨ ਦਾ ਪ੍ਰਸਤਾਵ ਰੱਖਿਆ ਸੀ ਪਰ ਉਸ ਸਮੇਂ ਕਿਸੇ ਲੀਡਰ ਤੇ ਮੀਡੀਆ ਨੇ ਇਸ ਸਬੰਧੀ ਕੋਈ ਪ੍ਰਚਾਰ ਨਹੀਂ ਕੀਤਾ।



ਹੁਣ ਉਸ ਨੇ ਕਿਹਾ ਹੈ ਕਿ ਕਿੰਗਫਿਸ਼ਰ ਤਿੰਨ ਦਹਾਕਿਆਂ ਤਕ ਭਾਰਤ ਦਾ ਸਭ ਤੋਂ ਵੱਡਾ ਐਲਕੋਹਲਿਕ ਬੀਵਰੇਜ ਗਰੁੱਪ ਸੀ ਤੇ ਇਸ ਸਮੇਂ ਦੌਰਾਨ ਉਨ੍ਹਾਂ ਸਰਕਾਰੀ ਖ਼ਜ਼ਾਨੇ ਵਿੱਚ ਹਜ਼ਾਰਾਂ ਕਰੋੜ ਦਾ ਯੋਗਦਾਨ ਦਿੱਤਾ। ਉਸ ਨੇ ਕਿਹਾ ਕਿ ਕਿੰਗਫਿਸ਼ਰ ਏਅਰਲਾਈਨ ਹੱਥੋਂ ਜਾਣ ਦੇ ਬਾਵਜੂਦ ਉਹ ਬੈਂਕਾਂ ਦੇ ਨੁਕਸਾਨ ਦਾ ਹਰਜ਼ਾਨਾ ਭਰਨ ਲਈ ਤਿਆਰ ਹੈ।