ਨਵੀਂ ਦਿੱਲੀ: ਵੀਵੀਆਈਪੀ ਅਗਸਤਾ ਵੈਸਟਲੈਂਡ ਡੀਲ ਰਿਸ਼ਵਤ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਸ ਡੀਲ ਦੇ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਭਾਰਤ ਲਿਆਂਦਾ ਗਿਆ ਹੈ। ਦੁਬਈ ਜੇਲ੍ਹ ‘ਚ ਬੰਦ ਮਿਸ਼ੇਲ ਨੂੰ ਸਪੁਰਦਗੀ ਅਧੀਨ ਮੰਗਲਵਾਰ ਰਾਤ ਨੂੰ ਭਾਰਤ ਪਹੁੰਚਾਇਆ ਗਿਆ। ਹੁਣ ਉਸ ਦੀ ਮੈਡੀਕਲ ਜਾਂਚ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਪੁੱਛਗਿਛ ਕੀਤੀ ਜਾਵੇਗੀ।

ਸੀਬੀਆਈ ਮੁਤਾਬਕ ਮਿਸ਼ੇਲ ‘ਤੇ ਇਸ ਡੀਲ ‘ਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਜ਼ਿਸ਼ ਘੜਣ ਦਾ ਇਲਜ਼ਾਮ ਹੈ। ਇਸ ਮੁਤਾਬਕ ਅਧਿਕਾਰੀਆਂ ਨੇ ਵੀਵੀਆਈਪੀ ਹੈਲੀਕਾਪਟਰ ਦੀ ਉੱਚਾਈ 6 ਹਜ਼ਾਰ ਤੋਂ ਘੱਟਾ ਕੇ 4500 ਮੀਟਰ ਕਰ ਕੇ ਆਪਣੇ ਸਰਕਾਰੀ ਅਹੁਦੇ ਦੀ ਗਲਤ ਵਰਤੋਂ ਕੀਤੀ। ਭਾਰਤ ਸਰਕਾਰ ਨੇ 8 ਫਰਵਰੀ 2010 ‘ਚ ਰੱਖਿਆ ਮੰਤਰਾਲੇ ਰਾਹੀਂ ਬ੍ਰਿਟੇਨ ਦੀ ਅਗਸਤਾ ਵੈਸਟਲੈਂਡ ਇੰਟਰਨੈਸ਼ਨਲ ਲਿਮਟਿਡ ਨੂੰ ਕਰੀਬ 55.62 ਕਰੋੜ ਯੂਰੋ ਦਾ ਠੇਕਾ ਦਿੱਤਾ ਸੀ। ਈਡੀ ਨੇ ਮਿਸ਼ੇਲ ਖਿਲਾਫ ਜੂਨ 2016 ‘ਚ ਦਾਖਿਲ ਆਪਣੀ ਚਾਰਜਸ਼ੀਟ ‘ਚ ਕਿਹਾ ਸੀ ਕਿ ਮਿਸ਼ੇਲ ਨੂੰ ਅਗਸਤਾ ਤੋਂ 225 ਕਰੋੜ ਰੁਪਏ ਰਿਸ਼ਵਤ ਵੱਜੋਂ ਮਿਲੇ ਹਨ।


ਹੁਣ ਤਕ ਮਿਸ਼ੇਲ ਇਸ ਮਾਮਲੇ ‘ਚ ਭਾਰਤ ‘ਚ ਅਪਰਾਧਿਕ ਕਾਰਵਾਈ ਤੋਂ ਬਚ ਰਿਹਾ ਸੀ। ਸੀਬੀਆਈ ਨੂੰ ਕਾਫੀ ਸਮੇਂ ਤੋਂ ਮਿਸ਼ੇਲ ਦੀ ਭਾਲ ਸੀ ਅਤੇ ਹਾਲ ਹੀ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਯੂਏ ‘ਚ ਅੱਬਦੁਲਾ ਬਿਨ ਜਾਇਦ ਨਾਲ ਅਬੂ ਧਾਬੀ ‘ਚ ਇਸ ਬਾਰੇ ਗੱਲਬਾਤ ਕੀਤੀ। ਭਾਰਤ ਮਿਸ਼ੇਲ ਦੇ ਹਵਾਲਗੀ ਲਈ ਰਸਮੀ ਤੌਰ ‘ਤੇ 2017 ‘ਚ ਅਪੀਲ ਕੀਤੀ ਸੀ। ਇਹ ਅਪੀਲ ਸੀਬੀਆਈ ਅਤੇ ਈਡੀ ਵੱਲੋਂ ਅਪਰਾਧਿਕ ਜਾਂਚ ‘ਤੇ ਅਧਾਰਿਤ ਸੀ।

ਭਾਰਤ ਦੇ ਲਿਹਾਜ ਨਾਲ ਮਿਸ਼ੇਲ ਦੀ ਹਵਾਲਗੀ ਇੱਕ ਵੱਡੀ ਕਾਮਯਾਬੀ ਹੈ, ਕਿਉਂਕਿ 3600 ਕਰੋੜ ਦੀ ਅਗਸਤਾ ਡੀਲ ‘ਚ ਦੇਸ਼ ਦਾ ਪ੍ਰਮੁੱਖ ਸਿਆਸੀ ਲੀਡਰਸ਼ੀਪ ‘ਤੇ ਸਵਾਲ ਉੱਠ ਰਹੇ ਹਨ ਅਤੇ ਕਈ ਸਾਬਕਾ ਅਧਿਕਾਰੀ ਵੀ ਇਸ ਮਾਮਲੇ ਦੀ ਜਾਂਚ ਦੇ ਘੇਰੇ ‘ਚ ਹਨ।