ਲੰਦਨ: ਯੁਕੇ ਵਿੱਚ ਪਾਕਿਸਤਾਨੀ ਗਰੋਹ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਸਿੱਖ ਕੁੜੀਆਂ ਨੂੰ ਜਾਲ ਵਿੱਚ ਫਸਾ ਕੇ ਸਰੀਰਕ ਸ਼ੋਸ਼ਣ ਕਰਦੇ ਹਨ। ਇਸ ਦਾ ਖੁਲਾਸਾ ਇੱਕ ਰਿਪੋਰਟ ਵਿੱਚ ਹੋਇਆ ਹੈ। ਇਸ ਮਗਰੋਂ ਸਿੱਖ ਸੰਸਥਾਵਾਂ ਨੇ ਇਸ ਖਿਲਾਫ ਜਾਂਚ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਗਰੋਹ ਬ੍ਰਿਟੇਨ ਦੀਆਂ ਸਿੱਖ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਹ ਸਭ ਕੁਝ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਸਿਆਸੀ ਕਾਰਨਾਂ ਕਰਕੇ ਕੁੜੀਆਂ ਦੇ ਜਿਣਸੀ ਸੋਸ਼ਣ ਦੀਆਂ ਘਟਨਾਵਾਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਗਿਆ।

ਸਿੱਖ ਸਾਲਸੀ ਤੇ ਮੁੜ ਵਸੇਬੇ ਦਲ (ਸਮਾਰਟ) ਤੇ ਸਿੱਖ ਯੂਥ ਯੂਕੇ ਵੱਲੋਂ ਜਾਰੀ ਰਿਪੋਰਟ ਵਿੱਚ ਦਹਾਕਿਆਂ ਤੋਂ ਸਿੱਖ ਲੜਕੀਆਂ ਨਾਲ ਹੋ ਰਹੇ ਸੋਸ਼ਣ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਉਕਤ ਦੋਵਾਂ ਸੰਸਥਾਵਾਂ ਨੂੰ ਸੰਸਦ ਮੈਂਬਰਾਂ ਦੀ ਵੀ ਹਮਾਇਤ ਹਾਸਲ ਹੈ।

ਰਿਪੋਰਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ 1980 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੀ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਪਾਕਿਸਤਾਨੀ ਜਾਂ ਮੁਸਲਿਮ ਗਰੋਹਾਂ ਵੱਲੋਂ ਸਿੱਖ ਲੜਕੀਆਂ ਨਾਲ ਕੀਤੇ ਜਾਂਦੇ ਸੋਸ਼ਣ ਦੇ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਨੇ ਇਸ ਖ਼ਿਲਾਫ਼ ਕੇਸ ਵੀ ਦਰਜ ਕਰਵਾਏ ਸਨ।