ਕੋਲੰਬੋ: ਸ਼੍ਰੀਲੰਕਾ ਦੀ ਇੱਕ ਅਦਾਲਤ ਨੇ ਸੋਮਵਾਰ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਅਧਿਕਾਰ ਖਾਰਜ ਕਰ ਦਿੱਤੇ। ਨਾਲ ਹੀ ਹੁਕਮ ਦਿੱਤੇ ਕਿ ਉਨ੍ਹਾਂ ਦੀ ਕੈਬਨਿਟ ਕੰਮ ਨਹੀਂ ਕਰ ਸਕਦੀ। ਵਿਰੋਧੀ ਦਲਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਕਰੀਬ ਇੱਕ ਮਹੀਨਾਂ ਪਹਿਲਾਂ ਰਾਜਪਕਸ਼ੇ ਨੂੰ ਵਿਵਾਦਤ ਰੂਪਚ ਪ੍ਰਧਾਨ ਮੰਤਰੀ ਨਿਯੁਕਤ ਕਰਕੇ ਸਿਆਸੀ ਸੰਕਟ ਨੂੰ ਜਨਮ ਦਿੱਤਾ ਗਿਆ ਤੇ ਹੁਣ ਜੇਕਰ ਰਾਜਪਕਸ਼ੇ ਨੂੰ ਸਰਕਾਰ ਦਾ ਮੁਖੀ ਬਣੇ ਰਹਿਣ ਦੀ ਆਗਿਆ ਦਿੱਤੀ ਗਈ ਤਾਂ ਸ਼੍ਰੀਲੰਕਾ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਅਦਾਲਤ 'ਚ ਦੱਸਿਆ ਗਿਆ ਕਿ ਸੰਸਦ 'ਚ ਬੇਭਰੋਸਗੀ ਮਤਾ ਪੇਸ਼ ਹੋਣ ਤੋਂ ਬਾਅਦ ਵੀ ਰਾਜਪਕਸ਼ੇ ਪ੍ਰਧਾਨ ਮੰਤਰੀ ਦਾ ਕਾਰਜਭਾਰ ਸੰਭਾਲ ਰਹੇ ਹਨ।
ਜਾਣਕਾਰੀ ਮੁਤਾਬਕ ਰਾਜਪਕਸ਼ੇ ਖ਼ਿਲਾਫ਼ 122 ਸੰਸਦ ਮੈਂਬਰਾਂ ਨੇ ਪਟੀਸ਼ਨ ਦਾਇਰ ਕੀਤੀ ਹੈ। ਦੋ ਵਾਰ ਬੇਭਰੋਸਗੀ ਦਾ ਮਤਾ ਪਾਸ ਹੋਣ ਤੋਂ ਬਾਅਦ ਵੀ ਰਾਜਪਕਸ਼ੇ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਪ੍ਰਮਾਣਕ ਨਹੀਂ ਹਨ। ਦੱਸ ਦੇਈਏ ਕਿ ਸ਼੍ਰੀਲੰਕਾ 'ਚ ਸਿਆਸੀ ਸੰਕਟ ਦੀ ਸ਼ੁਰੂਆਤ 26 ਅਕਤੂਬਰ ਨੂੰ ਹੋਈ ਸੀ ਜਦੋਂ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਸਰਕਾਰ ਨੂੰ ਬਰਖ਼ਾਸਤ ਕਰਕੇ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਸਿਰੀਸੇਨਾ ਨੇ ਸੰਸਦ ਭੰਗ ਕਰ ਦਿੱਤੀ ਤੇ ਰਾਜਪਕਸ਼ੇ ਨੂੰ ਬਹੁਮਤ ਸਾਬਿਤ ਕਰਨ ਦਾ ਸਮਾਂ ਦੇ ਦਿੱਤਾ। ਹਾਲਾਂਕਿ ਪਿਛਲੇ ਦੋ ਮਹੀਨਿਆਂ 'ਚ ਸੰਸਦ 'ਚ ਦੋ ਵਾਰ ਰਾਜਪਕਸ਼ੇ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋਇਆ ਪਰ ਉਨ੍ਹਾਂ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ।