ਬੀਜਿੰਗ: ਚੀਨ ਨੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘਾ ਖੋਲ੍ਹਣ ਦੇ ਭਾਰਤ ਤੇ ਪਾਕਿਸਤਾਨ ਦੇ ਯਤਨਾਂ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਚੀਨ ਨੇ ਕਿਹਾ ਕਿ ਇਸ ਕਦਮ ਨਾਲ ਦੋਵਾਂ ਮੁਲਕਾਂ ਵਿੱਚ ਸੰਵਾਦ ਤੇਜ਼ ਹੋਏਗਾ। ਇਨ੍ਹਾਂ ਦੇ ਮਤਭੇਦਾਂ ਦਾ ਸੁਲਝਣਾ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਕਾਫੀ ਅਹਿਮ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਪ੍ਰੈੱਸ ਕਾਨਫਰੰਸ ਵਿੱਚ ਲਾਂਘੇ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਚੰਗੀ ਗੱਲਬਾਤ ਵੇਖ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਈ ਹੈ। ਦੱਖਣ ਏਸ਼ੀਆ ਵਿੱਚ ਇਹ ਦੋਵੇਂ ਦੇਸ਼ ਅਹਿਮ ਹਨ। ਇਨ੍ਹਾਂ ਦੇ ਸਬੰਧਾਂ ਦੀ ਸਥਿਰਤਾ ਦਾ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਬੇਹੱਦ ਖ਼ਾਸ ਮਹੱਤਵ ਹੈ। ਉਨ੍ਹਾਂ ਉਮੀਦ ਜਤਾਈ ਕਿ ਦੋਵੇਂ ਦੇਸ਼ ਆਪਣੇ ਦਰਮਿਆਨ ਤਾਲਮੇਲ ਬਿਠਾਈ ਰੱਖਣਗੇ।
ਦੋਵਾਂ ਦੇਸ਼ਾਂ ਨੇ ਪਿਛਲੇ ਮਹੀਨੇ ਹੀ ਲਾਂਘਾ ਖੋਲ੍ਹਣ ਸਬੰਧੀ ਐਲਾਨ ਕਰ ਦਿੱਤਾ ਸੀ। ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਾਕ ਗੁਰਦੁਆਰਾ ਸਾਹਿਬ ਨਾਲ ਜੋੜੇਗਾ। ਪਾਕਿਸਤਾਨ ਸਥਿਤ ਇਹ ਗੁਰਦੁਆਰਾ ਸਾਹਿਬ ਸਿੱਖਾਂ ਲਈ ਇਸ ਕਰਕੇ ਖ਼ਾਸ ਹੈ ਕਿਉਂਕਿ ਸਿੱਖਾਂ ਦੇ ਸੰਸਥਾਪਕ ਸ੍ਰੀ ਗੁਰੂ ਨਾਨਾਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਇੱਥੇ ਹੀ ਬਤੀਤ ਕੀਤਾ ਸੀ।