ਨਵੀਂ ਦਿੱਲੀ: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਜ਼ਰਾਇਲੀ ਪੁਲਿਸ ਨੇ ਐਤਵਾਰ ਭ੍ਰਿਸ਼ਟਾਚਾਰ ਤੇ ਹੋਰ ਦੂਜੇ ਮਾਮਲਿਆਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਸਾਰਾ 'ਤੇ ਦੋਸ਼ ਤੈਅ ਕਰਨ ਦੀ ਸਿਫਾਰਸ਼ ਕੀਤੀ ਸੀ। ਪਿਛਲੇ ਕੁਝ ਮਹੀਨਿਆਂ 'ਚ ਪ੍ਰਧਾਨ ਮੰਤਰੀ ਖ਼ਿਲਾਫ਼ ਇਹ ਤੀਜੀ ਸਿਫ਼ਾਰਸ਼ ਹੈ।
ਉੱਧਰ, ਪੀਐਮ ਨੇਤਨਯਾਹੂ ਨੇ ਪੁਲਿਸ ਦੀ ਸਿਫਾਰਸ਼ ਤੋਂ ਬਾਅਦ ਰਿਸ਼ਵਤ ਦੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ। ਅਜਿਹੇ 'ਚ ਹੁਣ ਅਟਾਰਨੀ ਜਨਰਲ ਇਸ ਕੇਸ 'ਚ ਫੈਸਲਾ ਕਰਨਗੇ। ਇਸ ਤੋਂ ਪਹਿਲਾਂ ਪੁਲਿਸ ਨੇ ਨੇਤਨਯਾਹੂ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਦੋ ਹੋਰ ਮਾਮਲਿਆਂ 'ਚ ਦੋਸ਼ੀ ਠਹਿਰਾਉਣ ਦੀ ਸਿਫ਼ਾਰਸ਼ ਕੀਤੀ ਸੀ।
ਤਾਜ਼ਾ ਮਾਮਲੇ 'ਚ ਦੋਸ਼ ਇਹ ਹੈ ਕਿ ਮੀਡੀਆ ਕੰਪਨੀ ਤੋਂ ਆਪਣੇ ਪੱਖ 'ਚ ਖ਼ਬਰਾਂ ਚਲਵਾਉਣ ਬਦਲੇ ਟੈਲੀਕਮਿਊਨੀਕੇਸ਼ਨਜ਼ ਫਰਮ ਨੂੰ ਲਾਭ ਪਹੁੰਚਾਇਆ। ਦੂਜੇ ਮਾਮਲੇ 'ਚ ਨੇਤਨਯਾਹੂ ਤੇ ਆਪਣੇ ਰਈਸ ਸਮਰਥਕਾਂ ਤੋਂ ਕੀਮਤੀ ਤੋਹਫ਼ੇ ਲੈਣ ਦਾ ਦੋਸ਼ ਹੈ। ਨੇਤਨਯਾਹੂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕਾਫੀ ਨੇੜਤਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ 'ਤੇ ਫ਼ਲਿਸਤੀਨੀਆਂ 'ਤੇ ਜ਼ੁਲਮ ਢਾਹੁਣ ਦੇ ਇਲਜ਼ਾਮ ਵੀ ਲੱਗਦੇ ਹਨ।