ਇਸਲਾਮਾਬਾਦ: ਕਰਤਾਰਪੁਰ ਲਾਂਘੇ 'ਤੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਮੁੱਦੇ 'ਤੇ ਜਿੱਥੇ ਭਾਰਤ ਵਿੱਚ ਸਿਆਸੀ ਪਾਰਟੀਆਂ ਇੱਕ-ਦੂਜੇ 'ਤੇ ਨਿਸ਼ਾਨੇ ਸਾਧ ਰਹੀਆਂ ਹਨ, ਉੱਥੇ ਕੌਮਾਂਤਰੀ ਪੱਧਰ 'ਤੇ ਵੀ ਪਾਰਾ ਚੜ੍ਹਿਆ ਹੋਇਆ ਹੈ। ਇਸ ਬਾਰੇ ਤਾਜ਼ਾ ਬਿਆ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਆਇਆ ਹੈ। ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ‘ਸਿੱਖ ਭਾਵਨਾਵਾਂ’ ਨਾਲ ਖਲਵਾੜ ਵਾਲੇ ਬਿਆਨ 'ਤੇ ਜਵਾਬ ਦਿੱਤਾ ਹੈ।
ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀ ਵਿਵਾਦਤ ‘ਗੁਗਲੀ’ ਟਿੱਪਣੀ ਬਾਰੇ ਕਿਹਾ ਕਿ ਇਸ ਨੂੰ ‘ਸਿੱਖ ਭਾਵਨਾਵਾਂ’ ਨਾਲ ਜੋੜਨਾ ਗੁਮਰਾਹਕੁਨ ਹੈ। ਕੁਰੈਸ਼ੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਲਈ ਰੱਖੇ ਨੀਂਹ ਪੱਥਰ ਸਮਾਗਮ ਦੌਰਾਨ ਭਾਰਤ ਸਰਕਾਰ ਦੀ ਮੌਜੂਦਗੀ ਯਕੀਨੀ ਬਣਾਉਣ ਲਈ ‘ਗੁਗਲੀ’ ਸੁੱਟੀ ਸੀ ਜਿਸ ਵਿੱਚ ਭਾਰਤ ਫਸ ਗਿਆ। ਇਸੇ ਕਰਕੇ ਉਨ੍ਹਾਂ ਨੂੰ ਆਪਣੇ ਮੰਤਰੀ ਪਾਕਿਸਤਾਨ ਭੇਜਣੇ ਪਏ।
ਕੁਰੈਸ਼ੀ ਵੱਲੋਂ ਕੀਤੀਆਂ ਟਿੱਪਣੀਆਂ ਦੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜ਼ੋਰਦਾਰ ਨਿਖੇਧੀ ਕੀਤੀ ਸੀ। ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ’ਤੇ ਵਰ੍ਹਦਿਆਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ ਹੈ ਤੇ ਪਾਕਿਸਤਾਨ ਨੂੰ ਸਿੱਖ ਭਾਵਨਾਵਾਂ ਪ੍ਰਤੀ ਕੋਈ ਸਤਿਕਾਰ ਨਹੀਂ।
ਇਸ ਮਗਰੋਂ ਕੁਰੈਸ਼ੀ ਨੇ ਟਵਿੱਟਰ ’ਤੇ ਇਸ ਨਿਖੇਧੀ ਪ੍ਰਤੀ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ,‘ਮੇਰੀਆਂ ਟਿੱਪਣੀਆਂ ਨੂੰ ਸਿੱਖ ਭਾਵਨਾਵਾਂ ਨਾਲ ਜੋੜਨਾ ਇਨ੍ਹਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੇ ਗੁਮਰਾਹ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਮੈਂ ਜੋ ਵੀ ਕਿਹਾ ਉਸ ਦਾ ਸਬੰਧ ਸਿਰਫ ਭਾਰਤ ਸਰਕਾਰ ਨਾਲ ਦੁਵੱਲੀ ਗੱਲਬਾਤ ਨਾਲ ਸੀ। ਅਸੀਂ ਸਿੱਖ ਭਾਵਨਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਤੇ ਕਿਸੇ ਵੀ ਢੰਗ ਨਾਲ ਇਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਜਾਂ ਵਿਵਾਦ ਪੈਦਾ ਕਰਨ ਨਾਲ ਬਦਲਿਆ ਨਹੀਂ ਜਾ ਸਕਦਾ।’
ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਤੀ ਸਤਿਕਾਰ ਵਜੋਂ ਖੋਲ੍ਹਿਆ ਗਿਆ ਸੀ। ਉਨ੍ਹਾਂ ਟਵੀਟ ਕੀਤਾ,‘ਸਾਡੇ ਸਿੱਖ ਭਰਾਵਾਂ ਦੀਆਂ ਇੱਛਾਵਾਂ ਪ੍ਰਤੀ ਸਤਿਕਾਰ ਵਜੋਂ ਅਸੀਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਸੀ। ਅਸੀਂ ਨੇਕ ਭਾਵਨਾ ਨਾਲ ਇਹ ਇਤਿਹਾਸਕ ਕਦਮ ਚੁੱਕਿਆ ਸੀ ਤੇ ਅਸੀਂ ਇਸ ਨੂੰ ਚੰਗੀ ਭਾਵਨਾ ਨਾਲ ਅੱਗੇ ਲਿਜਾਵਾਂਗੇ।