ਫਰਾਂਸ: ਕਿਸੇ ਵੀ ਦੇਸ਼ ਵਿੱਚ ਐਮਰਜੈਂਸੀ ਉਸ ਸਮੇਂ ਲਾਈ ਜਾਂਦੀ ਹੈ, ਜਦ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ। ਇਹੋ ਕੁਝ ਫਰਾਂਸ ਵਿੱਚ ਹੋ ਰਿਹਾ ਹੈ, ਜਿੱਥੇ ਪੈਟਰੋਲ ਦੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਲੋਕ ਸੜਕਾਂ 'ਤੇ ਉੱਤਰੇ ਹੋਏ ਹਨ ਅਤੇ ਵਾਹਨਾਂ ਅਤੇ ਇਮਾਰਤਾਂ ਨੂੰ ਸਾੜੇ ਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।


ਇਸੇ ਲਈ ਫਰਾਂਸ ਦੀਆਂ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਐਮਰਜੈਂਸੀ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮਹਿੰਗਾਈ ਅਤੇ ਪੈਟਰੋਲ ਦੀਆਂ ਕੀਮਤਾਂ ਵਧਣ ਖਿਲਾਫ਼ ਪੈਰਿਸ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਮੁਜ਼ਾਹਰਾ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੀਲੀ ਬੁਨੈਣ (Yellow Vest) ਪਾ ਕੇ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਸਰਕਾਰ ਵੱਲੋਂ ਤੇਲ ਉੱਪਰ ਲਾਏ ਉੱਚੇ ਕਰ ਦਾ ਵਿਰੋਧ ਕਰ ਰਹੇ ਹਨ। ਇਹ ਕੱਪੜੇ ਫਰੈਂਚ ਡਰਾਈਵਰਾਂ ਦਾ ਸੰਕੇਤ ਹਨ। ਫਰਾਂਸ ਦੇ ਇਤਿਹਾਸ ਵਿੱਚ ਸੰਨ 1968 ਤੋਂ ਬਾਅਦ ਤਾਜ਼ਾ ਦੰਗੇ ਸਭ ਤੋਂ ਗੰਭੀਰ ਹਨ।

ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫੇ ਕੇਸਟਨਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਦੇਸ਼ ਵਿਆਪੀ ਮੁਜ਼ਾਹਰੇ ਵਿਚ 110 ਲੋਕ ਜ਼ਖਮੀ ਹੋਏ ਹਨ। ਪੈਰਿਸ ਪੁਲਿਸ ਨੇ 400 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।