ਨਵੀਂ ਦਿੱਲੀ: ਏਡਜ਼ ਵਰਗੀ ਲਾਇਲਾਜ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਬੀਤੇ ਕੱਲ੍ਹ ਦੁਨੀਆ ਭਰ ਵਿੱਚ ਏਡਜ਼ ਦਿਵਸ ਮਨਾਇਆ ਗਿਆ ਪਰ ਕੌਮਾਂਤਰੀ ਸਿਹਤ ਸੰਗਠਨ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਸਮਾਂ ਰਹਿੰਦੇ ਹੀ ਏਡਜ਼ 'ਤੇ ਕਾਬੂ ਨਹੀਂ ਕੀਤਾ ਗਿਆ ਤਾਂ 2030 ਤਕ ਰੋਜ਼ਾਨਾ ਤਕਰੀਬਨ 80 ਲੋਕਾਂ ਦੀ ਮੌਤ ਸਿਰਫ਼ ਇਸ ਲਾਇਲਾਜ ਬਿਮਾਰੀ ਕਰਕੇ ਹੋਣ ਲੱਗ ਜਾਵੇਗੀ।

ਇਹ ਵੀ ਪੜ੍ਹੋ: ਅਸੁਰੱਖਿਅਤ ਸੈਕਸ ਨਹੀਂ ਇੰਝ ਵੀ ਹੋ ਸਕਦੈ ਏਡਜ਼, ਜਾਣੋ ਕੀ ਹਨ ਲੱਛਣ ਤੇ ਇਲਾਜ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਵਿੱਚ ਬੱਚਿਆਂ, ਅੱਲ੍ਹੜਾਂ ਤੇ ਗਰਭਵਤੀ ਔਰਤਾਂ ਵਿੱਚ ਏਡਜ਼ ਦੀ ਲਾਗ ਬੇਹੱਦ ਤੇਜ਼ੀ ਨਾਲ ਫੈਲ ਰਹੀ ਹੈ। ਪਾਕਿਸਤਾਨ ਵਿੱਚ ਤਕਰੀਬਨ 5,800, ਨੇਪਾਲ ਵਿੱਚ 1,600, ਬੰਗਲਾਦੇਸ਼ ਵਿੱਚ ਤਕਰੀਬਨ 1,000 ਤੇ ਦੱਖਣੀ ਏਸ਼ੀਆ ਵਿੱਚ ਸਭ ਤੋਂ ਵੱਧ 1,20,000 ਏਡਜ਼ ਗ੍ਰਸਤ ਲੋਕ ਭਾਰਤ ਵਿੱਚ ਰਹਿੰਦੇ ਹਨ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਮਾਂ ਰਹਿੰਦੇ ਕਾਬੂ ਨਹੀਂ ਕੀਤਾ ਗਿਆ ਤਾਂ ਸਾਲ 2030 ਤਕ ਹਰ ਰੋਜ਼ ਤਕਰੀਬਨ 80 ਨੌਜਵਾਨ ਇਸ ਬਿਮਾਰੀ ਕਾਰਨ ਮਾਰੇ ਜਾਣਗੇ।

ਯੂਨੀਸੈਫ ਦੇ ਮੁਖੀ ਹੇਨਰੀਏਟਾ ਫ਼ੋਰ ਨੇ ਕਿਹਾ ਕਿ ਰਿਪੋਰਟ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਅੱਲ੍ਹੜ ਉਮਰ ਦੇ ਨੌਜਵਾਨਾਂ ਵਿੱਚ ਏਡਜ਼ ਦਾ ਖ਼ਾਤਮਾ ਬੇਹੱਦ ਲਾਜ਼ਮੀ ਹੈ। ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਅੱਠ ਸਾਲਾਂ ਦੌਰਾਨ ਮਾਂ ਦੇ ਗਰਭ ਵਿੱਚ ਬੱਚੇ ਨੂੰ ਹੋਣ ਵਾਲੀ ਐਚਆਈਵੀ ਇਨਫੈਕਸ਼ਨ ਨੂੰ 40% ਤਕ ਘਟਾ ਲਿਆ ਹੈ, ਪਰ ਹਾਲੇ ਵੀ ਬੱਚਿਆਂ ਦੇ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਦੇ ਦੋ ਤਿਹਾਈ ਮਾਮਲੇ ਜੱਚਾ ਤੋਂ ਬੱਚੇ ਨੂੰ ਇਨਫੈਕਸ਼ਨ ਹੋਣ ਦੇ ਸਾਹਮਣੇ ਆ ਰਹੇ ਹਨ।

ਸਬੰਧਤ ਖ਼ਬਰ: ਪੰਜ ਸਾਲਾਂ ਦੌਰਾਨ ਪੰਜਾਬ ’ਚ ਏਡਜ਼ ਪੀੜਤਾਂ ਦੀ ਗਿਣਤੀ 'ਚ ਵੱਡਾ ਵਾਧਾ

ਤਾਜ਼ਾ ਅੰਕੜਿਆਂ ਮੁਤਾਬਕ ਇਸ ਸਮੇਂ ਪੂਰੇ ਵਿਸ਼ਵ ਵਿੱਚ 19 ਸਾਲ ਤੋਂ ਘੱਟ ਉਮਰ ਦੇ ਤੀਹ ਲੱਖ ਤੋਂ ਵੱਧ ਲੋਕ ਏਡਜ਼ ਤੋਂ ਪੀੜਤ ਹਨ। ਰਿਪੋਰਟ ਵਿੱਚ ਫਿਕਰ ਜਤਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ ਨੌਜਵਾਨਾਂ ਵਿੱਚ ਏਡਜ਼ ਦੀ ਰੋਕਥਾਮ ਲਈ ਜਾਰੀ ਕੋਸ਼ਿਸ਼ਾਂ ਕਾਫੀ ਘੱਟ ਰਫ਼ਤਾਰ ਨਾਲ ਸਫ਼ਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਬਹੁਤੇ ਪੀੜਤਾਂ ਨੂੰ ਪਤਾ ਹੀ ਨਹੀਂ ਹੈ ਕਿ ਉਨ੍ਹਾਂ ਨੂੰ ਏਡਜ਼ ਹੈ ਅਤੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਉਹ ਵੀ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾਉਂਦੇ।