ਚੰਡੀਗੜ੍ਹ: ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ ਐੱਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ 38.4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਰੀਜ਼ਾ ਦੀ ਗਿਣਤੀ 2012-13 ਵਿੱਚ 4,863 ਸੀ ਜੋ 2017-18 ਵਿੱਚ ਵਧ ਕੇ 6,730 ਹੋ ਗਈ ਹੈ। ਇਹ ਅੰਕੜੇ ਸਰਕਾਰੀ ਹਸਪਤਾਲਾਂ ਤੋਂ ਇਕੱਠੇ ਹੋਏ ਅੰਕੜਿਆਂ ’ਤੇ ਆਧਾਰਿਤ ਹਨ।
1992 ਵਿੱਚ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨਾਕੋ) ਅਧੀਨ ਸਟੇਟ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਸੀ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਨਿਰਦੇਸ਼ਕ ਬੀ ਸ੍ਰੀਨਿਵਾਸਨ ਨੇ ਕਿਹਾ ਕਿ ਪੰਜ ਸਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਇਸ ਲਈ ਹੋਇਆ ਕਿਉਂਕਿ ਮਰੀਜ਼ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਕਾਫੀ ਸੁਧਾਰ ਹੋਏ ਹਨ। ਸੂਬੇ ਵਿੱਚ 320 ICTCs ( ਇੰਟੀਗਰੇਟਿਡ ਕੌਂਸਲਿੰਗ ਤੇ ਟੈਸਟ ਸੈਂਟਰ) ਖੋਲ੍ਹੇ ਗਏ ਹਨ। ਪੰਜਾਬ ਦੀ ਪ੍ਰਸਾਰ ਦਰ 0.18 ਫੀਸਦੀ ਹੈ ਜਦਕਿ ਕੌਮੀ ਔਸਤ 0.22 ਫੀਸਦੀ ਹੈ।
ਮਾਹਰਾਂ ਮੁਤਾਬਕ ਐਚਆਈਵੀ ਦੀ ਲਾਗ ਜ਼ਿਆਦਾਤਰ ਨਸ਼ਾ ਕਰਨ ਵਾਲੇ ਲੋਕਾਂ ਵਿੱਚ ਫੈਲੀ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਐਂਟੀ-ਰੈਟਰੋਵਾਇਰਲ ਥੈਰੇਪੀ (ਏਆਰਟੀ) ਸੈਂਟਰ ਵਿੱਚ ਸੀਨੀਅਰ ਮੈਡੀਕਲ ਅਫਸਰ ਸੰਪੂਰਨ ਸਿੰਘ ਨੇ ਕਿਹਾ ਕਿ ਲੋਕ ਮੰਨਦੇ ਹਨ ਕਿ ਐੱਚਆਈਵੀ ਵੱਡੀ ਪੱਧਰ ’ਤੇ ਸਰੀਰਕ ਸਬੰਧਾਂ ਦੌਰਾਨ ਇੱਕ-ਦੂਜੇ ਤੋਂ ਫੈਲਣ ਵਾਲੀ ਬਿਮਾਰੀ ਹੈ। ਉਨ੍ਹਾਂ ਦੇ ਨਾਲ ਹੀ ਇੱਕ ਕੌਂਸਲਰ ਡਾ. ਮੀਨਾਕਸੀ ਨੇ ਕਿਹਾ ਕਿ ਲੋਕ ਅਜੇ ਵੀ ਇਸ ਬਿਮਾਰੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਘਰੋਂ ਤੇ ਪਿੰਡਾਂ ਤੋਂ ਆਪਣੇ ਬਾਈਕਾਟ ਦਾ ਡਰ ਰਹਿੰਦਾ ਹੈ।
ਇਸੇ ਸਬੰਧੀ ਸਥਾਨਕ ਸੈਂਟਰ ਦੇ ਐਚਆਈਵੀ ਪੀੜਤ ਜੋੜੇ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਬਰਤਨ ਸਾਂਝੇ ਕਰਨ ਤੋਂ ਵਰਜ ਦਿੱਤਾ ਗਿਆ। ਲੋਕ ਆਮ ਤੌਰ 'ਤੇ ਉਨ੍ਹਾਂ ਨਾਲ ਮੇਲਜੋਲ ਤੋਂ ਦੁਰ ਹੀ ਰਹਿੰਦੇ ਹਨ। 1998 ਵਿੱਚ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਸਥਾਪਨਾ ਤੋਂ ਲੈ ਕੇ ਸੂਬੇ ਵਿੱਚ ਹੁਣ ਤਕ 7,623 ਐੱਚਆਈਵੀ ਨਾਲ ਸਬੰਧਿਤ ਮੌਤਾਂ ਦੀ ਰਿਪੋਰਟ ਸਾਹਮਣੇ ਆਈ ਹੈ।