ਪੈਰਿਸ: ਫਰਾਂਸ 'ਚ ਤੇਲ 'ਤੇ ਟੈਕਸ ਵਧਾਉਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਾਲ ਮੰਗਲਵਾਰ ਹੋਣ ਵਾਲੀ ਗੱਲਬਾਤ ਤੋਂ ਪੈਰ ਪਿਛਾਂਹ ਖਿੱਚ ਲਏ ਨੇ। ਯੈਲੋ ਵੇਸਟ ਨਾਂਅ ਦੇ ਪ੍ਰਦਰਸ਼ਨਕਾਰੀ ਸਮੂਹ ਦੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੂਜੇ ਕੱਟੜ ਪ੍ਰਦਰਸ਼ਨਕਾਰੀਆਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਸਰਕਾਰ ਨਾਲ ਗੱਲਬਾਤ ਕਰਨ ਤੋਂ ਮਨ੍ਹਾ ਕਰਨ ਲਈ ਕਿਹਾ ਸੀ।
ਦੱਸ ਦੇਈਏ ਕਿ ਪੈਟਰੋਲ-ਡੀਜ਼ਲ 'ਤੇ ਉੱਚੀਆਂ ਟੈਕਸ ਦਰਾਂ ਨੂੰ ਲੈਕੇ ਫਰਾਂਸ ਚ ਨਵੰਬਰ ਤੋਂ ਵੱਖ-ਵੱਖ ਥਾਈਂ ਪ੍ਰਦਰਸ਼ਨ ਹੋ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਾਫ਼ੀ ਹਿੰਸਕ ਹੋ ਗਏ ਨੇ। ਹੁਣ ਤਕ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕਾਫੀ ਭੰਨ-ਤੋੜ ਕੀਤੀ ਗਈ ਹੈ। ਫਰਾਂਸ ਦੇ ਗ੍ਰਹਿ ਮੰਤਰੀ ਮੁਤਾਬਕ ਬੀਤੇ ਐਤਵਾਰ ਹੋਏ ਰੋਸ ਪ੍ਰਦਰਸ਼ਨ 'ਚ ਲਗਪਗ 36 ਹਜ਼ਾਰ ਲੋਕਾਂ ਨੇ ਭਾਗ ਲਿਆ।