ਲਾਹੌਰ: ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਹਰ ਕਦਮ ਉੱਤੇ ਬਾਜ਼ੀ ਮਾਰ ਰਹੀ ਹੈ। ਭਾਰਤ ਵਾਲੇ ਪਾਸੇ ਅਜੇ ਨੀਂਹ ਪੱਥਰ ਰੱਖਿਆ ਹੈ ਪਰ ਪਾਕਿਸਤਾਨ ਨੇ ਨੀਂਹ ਪੱਥਰ ਰੱਖਣ ਮਗਰੋਂ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਬਾਰਡਰ ਉੱਤੇ ਇਮੀਗ੍ਰੇਸ਼ਨ ਕੇਂਦਰ ਵੀ ਖੋਲ੍ਹ ਦਿੱਤਾ ਹੈ।
ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਦੇ ਡਿਪਟੀ ਡਾਇਰੈਕਟਰ (ਪੰਜਾਬ) ਮੁਫਖ਼ਰ ਅਦੀਲ ਨੇ ਕਿਹਾ, ‘ਕਰਤਾਰਪੁਰ ਲਾਂਘਾ ਖੋਲ੍ਹਣ ਦੇ ਸਬੰਧ ’ਚ ਐਫਆਈਏ ਨੇ ਨਾਰੋਵਾਲ (ਲਾਹੌਰ ਤੋਂ 120 ਕਿਲੋਮੀਟਰ ਦੂਰ) ਵਿੱਚ ਕਰਤਾਰਪੁਰ ਬਾਰਡਰ ’ਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹ ਦਿੱਤਾ ਹੈ।
ਉਨ੍ਹਾਂ ਦੱਸਿਆ,‘ਐਫਆਈਏ ਦੇ ਅਧਿਕਾਰੀ ਸਿੱਖ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ ਤੇ ਬਾਇਓਮੀਟਰਿਕ ਪ੍ਰਣਾਲੀ ਰਾਹੀਂ ਉਨ੍ਹਾਂ ਦੀ ਸ਼ਨਾਖਤ ਕਰਨਗੇ। ਵੀਜ਼ਾ ਪ੍ਰਾਪਤ ਸਿੱਖ ਸ਼ਰਧਾਲੂਆਂ ਨੂੰ ਸ਼ਹਿਰ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ਜਦਕਿ ਪਰਮਿਟ ਹਾਸਲ ਸ਼ਰਧਾਲੂਆਂ ਨੂੰ ਸਿਰਫ ਗੁਰਦੁਆਰਾ ਦਰਬਾਰ ਸਾਹਿਬ ਜਾਣ ਦੀ ਆਗਿਆ ਹੋਵੇਗੀ।
ਉਨ੍ਹਾਂ ਡਾਅਨ ਨਿਊਜ਼ ਨੂੰ ਦੱਸਿਆ ਕਿ ਬਾਰਡਰ ਪਾਰ ਕਰਨਾ ਦਹਿਸ਼ਤਗਰਦਾਂ, ਮਨੁੱਖੀ ਤਸਕਰੀ ਕਰਨ ਵਾਲਿਆਂ ਤੇ ਨਸ਼ਾ ਤਸਕਰਾਂ ਲਈ ਆਸਾਨ ਹੋ ਸਕਦਾ ਹੈ, ਇਸ ਲਈ ਸਰਹੱਦ ਦੇ ਦੋਵੇਂ ਪਾਸਿਆਂ ’ਤੇ ਸਥਿਤੀ ਉੱਤੇ ਕੰਟਰੋਲ ਰੱਖਣ ਲਈ ਮਜ਼ਬੂਤ ਢਾਂਚੇ ਦੀ ਲੋੜ ਸੀ। ਯਾਦ ਰਹੇ ਇਹ ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਸਥਿਤ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ।