ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਦੇਰ ਸ਼ਾਮ ਦੇਸ਼ ਦੇ ਪੰਜ ਸੂਬਿਆਂ ਲਈ ਨਵੇਂ ਰਾਜਪਾਲ ਅਤੇ ਅੰਡੇਮਾਨ ਤੇ ਨਿਕੋਬਾਰ ਲਈ ਲੈਫ਼ਟੀਨੈਂਟ ਗਵਰਨਰ ਨਿਯੁਕਤ ਕਰ ਦਿੱਤੇ ਹਨ ਅਤੇ ਕਈਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਹਾਲਾਂਕਿ, ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦੇ ਦੇਹਾਂਤ ਤੋਂ ਬਾਅਦ ਸੂਬੇ ਨੂੰ ਨਵਾਂ ਗਵਰਨਰ ਹਾਲੇ ਨਹੀਂ ਮਿਲਿਆ।


ਨਵੀਆਂ ਨਿਯੁਕਤੀਆਂ ਤਹਿਤ ਬ੍ਰਿਗੇਡੀਅਰ ਡਾ. ਬੀਡੀ ਮਿਸ਼ਰਾ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬਿਹਾਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੂੰ ਹੁਣ ਜੰਮੂ ਤੇ ਕਸ਼ਮੀਰ ਦਾ ਰਾਜਪਾਲ ਲਾਇਆ ਗਿਆ ਹੈ। ਉਨ੍ਹਾਂ ਦੀ ਥਾਂ ਭਾਜਪਾ ਦੇ ਸੀਨੀਅਰ ਲੀਡਰ ਲਾਲ ਜੀ ਟੰਡਨ ਨੂੰ ਬਿਹਾਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ।

ਉੱਤਰਾਖੰਡ ਨੂੰ ਬੇਬੀ ਰਾਣੀ ਮੌਰਿਆ ਰਾਜਪਾਲ ਵਜੋਂ ਮਿਲੇ ਹਨ, ਜਦਕਿ ਤ੍ਰਿਪੁਰਾ ਦੇ ਰਾਜਪਾਲ ਤਾਥਗਤਾ ਰੌਇ ਨੂੰ ਮੇਘਾਲਿਆ ਦਾ ਰਾਜਪਾਲ ਲਾਇਆ ਗਿਆ ਹੈ, ਜਦਕਿ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਤ੍ਰਿਪੁਰਾ ਭੇਜ ਦਿੱਤਾ ਗਿਆ ਹੈ। ਉੱਧਰ ਮੇਘਾਲਿਆ ਦੇ ਰਾਜਪਾਲ ਰਹਿ ਚੁੱਕੇ ਗੰਗਾ ਪ੍ਰਸਾਦ ਨੂੰ ਸਿੱਕਿਮ ਦਾ ਗਵਰਨਰ ਥਾਪਿਆ ਗਿਆ ਹੈ।

ਇਸੇ ਤਰ੍ਹਾਂ ਤਾਮਿਲਨਾਡੂ ਦਾ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰਾ ਦੇ ਰਾਜਪਾਲ ਨੂੰ ਵੀ ਤਾਮਿਲਨਾਡੂ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਸੀ, ਪਰ ਇੱਕ ਸਾਲ ਬਾਅਦ ਸੂਬੇ ਨੂੰ ਨਵਾਂ ਗਵਰਨਰ ਮਿਲ ਗਿਆ ਹੈ। ਅਸਾਮ ਦੇ ਰਾਜਪਾਲ ਵਜੋਂ ਜਗਦੀਸ਼ ਮੁਖੀ ਦੀ ਨਿਯੁਕਤੀ ਕੀਤੀ ਗਈ ਹੈ। ਐਡਮਿਰਲ ਦੇਵੇਂਦਰ ਕੁਮਾਰ ਜੋਸ਼ੀ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦਾ ਲੈਫ਼ਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੈ।