ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਵਾਜਪਾਈ ਨੂੰ ਪੰਜਾਬ ਤੇ ਪੰਜਾਬੀਆਂ ਦੇ ਦੋਸਤ ਕਰਾਰ ਦਿੱਤਾ।

ਮਰਹੂਮ ਪ੍ਰਧਾਨ ਮੰਤਰੀ ਵੱਲੋਂ ਗੋਦ ਲਈ ਧੀ ਨਮਿਤਾ ਕੌਲ ਭੱਟਾਚਾਰੀਆ ਸਮੇਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਵਾਜਪਾਈ ਨੇ ਹਮੇਸ਼ਾ ਪੰਜਾਬ ਪ੍ਰਤੀ ਦਿਖਾਈ ਗਈ ਖੁੱਲ੍ਹਦਿਲੀ ਵਿਖਾਈ ਹੈ। ਬਾਦਲ ਨੇ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਦੀ 350ਵੀਂ ਵਰ੍ਹੇਗੰਢ ਮੌਕੇ ਵਾਜਪਾਈ ਨੇ 100 ਕਰੋੜ ਰੁਪਏ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਬਾਦਲ ਨੇ ਬਠਿੰਡਾ ਵਿੱਚ 16 ਹਜ਼ਾਰ ਕਰੋੜ ਦੀ ਰੀਫਾਇਨਰੀ ਪ੍ਰਾਜੈਕਟ ਲਾਉਣ ਦਾ ਸਿਹਰਾ ਵੀ ਵਾਜਪਾਈ ਸਿਰ ਹੀ ਬੰਨ੍ਹਿਆ।

ਇੰਨਾ ਹੀ ਨਹੀਂ ਬਾਦਲ ਮੁਤਾਬਕ ਵਾਜਪਾਈ ਨੇ ਦਿੱਲੀ ਵਿੱਚ ਵਾਪਰੇ ਸਿੱਖ ਕਤਲੇਆਮ ਦਾ ਵਿਰੋਧ ਕੀਤਾ ਸੀ ਤੇ ਇਸ ਦਾ ਖਾਮਿਆਜ਼ਾ ਆਪਣੇ ਉਨ੍ਹਾਂ ਨੂੰ ਗਵਾਲੀਅਰ ਤੋਂ ਚੋਣ ਹਾਰ ਕੇ ਭੁਗਤਣਾ ਪਿਆ ਸੀ। ਬਾਦਲ ਨੇ ਪੋਖਰਣ ਪ੍ਰਮਾਣੂੰ ਪ੍ਰੀਖਣ ਤੇ ਕਾਰਗਿਲ ਦੀ ਜੰਗ ਨੂੰ ਵਾਜਪਾਈ ਦੇ ਮਜ਼ਬੂਤ ਪ੍ਰਧਾਨ ਮੰਤਰੀ ਹੋਣ ਦਾ ਸਬੂਤ ਕਰਾਰ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅੰਤਮ ਰਸਮਾਂ ਮੌਕੇ ਪ੍ਰਕਾਸ਼ ਸਿੰਘ ਬਾਦਲ ਬਿਮਾਰ ਸਨ, ਇਸ ਲਈ ਉਹ ਉੱਥੋਂ ਗ਼ੈਰਹਾਜ਼ਰ ਰਹੇ।