ਨਵੀਂ ਦਿੱਲੀ: ਅੰਤਰ-ਰਾਸ਼ਟਰੀ ਚਾਇਲਡ ਟ੍ਰੈਫਿਕਿੰਗ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਭਾਰਤ ਤੋਂ ਬੱਚਿਆਂ ਨੂੰ ਖਰੀਦ ਕੇ ਅਮਰੀਕਾ ਵੇਚਿਆ ਜਾ ਰਿਹਾ ਸੀ। ਮੁੰਬਈ ਪੁਲਿਸ ਨੇ ਅੰਤਰ-ਰਾਸ਼ਟਰੀ ਬੱਚਾ ਚੋਰੀ ਗਿਰੋਹ ਦੇ ਸਰਗਨੇ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਤੇ 300 ਬੱਚਿਆਂ ਨੂੰ ਭਾਰਤ ਤੋਂ ਅਮਰੀਕਾ 'ਚ ਵੇਚਣ ਦਾ ਦੋਸ਼ ਹੈ ਜਿਸ 'ਚ ਪ੍ਰਤੀ ਬੱਚਾ ਕੀਮਤ 45 ਲੱਖ ਰੁਪਏ ਹੁੰਦੀ ਸੀ।
ਇਸ ਮਾਮਲੇ 'ਚ 11 ਤੋਂ 16 ਸਾਲ ਦੇ ਬੱਚੇ ਸ਼ਾਮਿਲ ਹਨ। ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵੇਚ ਦਿੱਤਾ ਜਾਂਦਾ ਸੀ। ਇਸ ਗਿਰੋਹ ਦਾ ਮਾਲਕ ਰਾਜੂਭਾਈ ਅਮਰੀਕਾ ਤੋਂ ਮੰਗ ਆਉਣ 'ਤੇ ਆਪਣੇ ਗੈਂਗ ਨੂੰ ਬੱਚੇ ਲੱਭਣ ਲਈ ਕਹਿੰਦਾ ਸੀ। ਇਨ੍ਹਾਂ ਬੱਚਿਆਂ ਨੂੰ ਅਮਰੀਕਾ ਕਿਸੇ ਹੋਰ ਦੇ ਪਾਸਪੋਰਟ 'ਤੇ ਭੇਜਿਆ ਜਾਂਦਾ ਸੀ। ਬੱਚਿਆਂ ਨਾਲ ਇਕ ਵਿਅਕਤੀ ਭੇਜਿਆ ਜਾਂਦਾ ਸੀ ਜੋ ਬੱਚਿਆਂ ਨੂੰ ਗਾਹਕਾਂ ਕੋਲ ਸੌਂਪਣ ਤੋਂ ਬਾਅਦ ਮੁੜ ਆਉਂਦਾ ਸੀ। ਅਮਰੀਕਾ ਭੇਜਣ ਤੋਂ ਪਹਿਲਾਂ ਬੱਚਿਆਂ ਦਾ ਮੇਕਅਪ ਕੀਤਾ ਜਾਂਦਾ ਸੀ ਤਾਂਕਿ ਉਹ ਪਾਸਪੋਰਟ ਵਾਲੀ ਤਸਵੀਰ ਵਾਂਗ ਦਿਖਾਈ ਦੇਣ।
ਪੁਲਿਸ ਨੇ ਕਿਹਾ ਕਿ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਉਹ ਇਮੀਗ੍ਰੇਸ਼ਨ ਦੀ ਸਖਤ ਚੈਕਿੰਗ 'ਚੋਂ ਕਿਵੇਂ ਬਚ ਨਿਕਲਦੇ ਸਨ।
ਇਸ ਗਿਰੋਹ ਦਾ ਪਰਦਾਫਾਸ਼ ਉਸ ਵੇਲੇ ਹੋਇਆ ਜਦੋਂ ਅਦਾਕਾਰਾ ਪ੍ਰੀਤੀ ਸੂਦ ਨੂੰ ਉਸਦੀ ਦੋਸਤ ਦਾ ਫੋਨ ਆਇਆ ਕਿ ਦੋ ਛੋਟੀਆਂ ਬੱਚੀਆਂ ਸੈਲੂਨ 'ਚ ਮੇਕਅਪ ਕਰਾਉਣ ਆਈਆਂ ਹਨ ਤੇ ਉਨ੍ਹਾਂ ਨਾਲ ਆਏ ਤਿੰਨ ਆਦਮੀ ਦੱਸ ਰਹੇ ਹਨ ਕਿ ਮੇਕਅਪ ਕਿਸ ਤਰ੍ਹਾਂ ਕਰਨਾ ਹੈ। ਪ੍ਰੀਤੀ ਨੇ ਤੁਰੰਤ ਸੈਲੂਨ ਆਕੇ ਬੱਚੀਆਂ ਨਾਲ ਆਏ ਤਿੰਨ ਆਦਮੀਆਂ ਤੋਂ ਪੁੱਛਿਆ ਕਿ ਉਹ ਇਨ੍ਹਾਂ ਬੱਚੀਆਂ ਨਾਲ ਕਿਉਂ ਆਏ ਹਨ ਤਾਂ ਉਨ੍ਹਾਂ ਦੱਸਿਆ ਕਿ ਇਹ ਅਮਰੀਕਾ ਜਾ ਰਹੀਆਂ ਹਨ ਇਸ ਲਈ ਇਨ੍ਹਾਂ ਦਾ ਮੇਕਅਪ ਕਰਾਇਆ ਜਾ ਰਿਹਾ ਹੈ।
ਸ਼ੱਕ ਹੋਣ 'ਤੇ ਉਨ੍ਹਾਂ ਤਿੰਨਾਂ ਨੂੰ ਪੁਲਿਸ ਸਟੇਸ਼ਨ ਜਾਣ ਲਈ ਕਿਹਾ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ। ਇਸ ਦੌਰਾਨ ਦੋ ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਤੀਜਾ ਬੱਚੀਆਂ ਨੂੰ ਲੈਕੇ ਦੌੜ ਗਿਆ।
ਪੁਲਿਸ ਨੇ ਹੁਣ ਇਸ ਗਿਰੋਹ ਦੇ ਸਰਗਨਾ ਰਾਜੂਭਾਈ ਗਾਮਲੇਵਾਲਾ ਨੂੰ ਉਸਦਾ ਵਟਸਐਪ ਟ੍ਰੈਕ ਕਰਕੇ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਗੁਜਰਾਤ ਦੇ ਰਹਿਣ ਵਾਲੇ ਰਾਜੂਭਾਈ ਨੂੰ ਸਾਲ 2007 'ਚ ਮੁੰਬਈ ਪੁਲਿਸ ਨੇ ਫਰਜ਼ੀ ਪਾਸਪੋਰਟ ਮਾਮਲੇ 'ਚ ਵੀ ਗ੍ਰਿਫਤਾਰ ਕੀਤਾ ਸੀ।