ਨਵੀਂ ਦਿੱਲੀ: ਕੇਰਲ ਵਿੱਚ ਹੜ੍ਹ ਨਾਲ ਮੱਚੀ ਤਬਾਹੀ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡੀ ਮਦਦ ਦਾ ਐਲਾਨ ਕਰਦਿਆਂ UAE ਨੇ 700 ਕਰੋੜ ਰੁਪਏ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਸੀਐਮ ਪਿਨਾਰਾਈ ਵਿਜਯਨ ਨੇ ਅਜਿਹੇ ਬੇਹੱਦ ਨਾਜ਼ੁਕ ਸਮੇਂ ਵਿੱਚ UAE ਸਮੇਤ ਕੌਮਾਂਤਰੀ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਪੁਨਰ ਨਿਰਮਾਣ ਲਈ ਯੂਏਈ ਨੇ 100 ਮਿਲੀਅਨ ਡਾਲਰ (700 ਕਰੋੜ ਰੁਪਏ) ਦੀ ਮਦਦ ਦਾ ਐਲਾਨ ਕੀਤਾ ਹੈ। ਸੀਐਮ ਨੇ ਦੱਸਿਆ ਕਿ ਇਸ ਸਿਲਸਿਲੇ ਵਿੱਚ ਯੂਏਈ ਦੇ ਪ੍ਰਿੰਸ ਨੇ ਪੀਐਮ ਮੋਦੀ ਨਾਲ ਗੱਲਬਾਤ ਕੀਤੀ ਹੈ।

ਸੀਐਮ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਕਈ ਹੋਰ ਸੂਬਿਆਂ ਨੇ ਵੀ ਕੇਰਲ ਦੀ ਮਦਦ ਕੀਤੀ ਹੈ। ਹੜ੍ਹ ਪੀੜਤ ਸੂਬੇ ਲਈ ਕਈ ਹੋਰ ਦੇਸ਼ ਵੀ ਅੱਗੇ ਆਏ ਹਨ। ਕੇਰਲ ਲਈ ਰਿਲੀਫ ਪੈਕੇਜ ਨਾਲ ਅੱਗੇ ਆਉਣ ਵਾਲੇ ਯੂਏਈ ਤੋਂ ਇਲਾਵਾ ਕਈ ਖਾੜੀ ਦੇਸ਼ ਵੀ ਸੂਬੇ ਦੀ ਮਦਦ ਲਈ ਹਾਮੀ ਭਰ ਰਹੇ ਹਨ।

ਸੀਐਮ ਨੇ ਜਾਣਕਾਰੀ ਦਿੱਤੀ ਕਿ ਭਲੇ ਹੀ ਪਾਣੀ ਘਟ ਗਿਆ ਹੈ ਘਰਾਂ ਦੀ ਹਾਲਤ ਰਹਿਣ ਲਾਇਕ ਨਹੀਂ ਰਹੀ। ਪਾਣੀ ਦੀ ਮਾਰ ਬਾਅਦ ਘਰਾਂ ਦੀ ਪੜਤਾਲ ਦੀ ਦਰਕਾਰ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਫਿਰ ਤੋਂ ਵਸਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਘਰਾਂ ਪਾਣੀ ਜਮ੍ਹਾ ਹੋਣ ਤੋਂ ਬਾਅਦ ਉੱਥੇ ਸੱਪਾਂ ਦੇ ਡੇਰਾ ਹੋ ਸਕਦਾ ਹੈ। ਘਰਾਂ ਵਿੱਚ ਪਈ ਮਸ਼ੀਨਰੀ ਦੇ ਖਰਾਬ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੰਚਾਉਣ ਦਾ ਕੰਮ ਜਿੰਨੀ ਜਲਦੀ ਹੋ ਸਕੇ ਕੀਤਾ ਜਾ ਰਿਹਾ ਹੈ। ਪਰ ਇਸਦੇ ਨਾਲ ਹੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਆਪ ਘਰਾਂ ਨੂੰ ਨਾ ਜਾਣ।