ਚੰਡੀਗੜ੍ਹ: ਇੰਡੋਨੇਸ਼ੀਆ 'ਚ ਖੇਡੀਆਂ ਜਾ ਰਹੀਆਂ 18ਵੀਆਂ ਏਸ਼ੀਅਨ ਖੇਡਾਂ 'ਚ ਭਾਰਤੀ ਮਹਿਲਾ ਰੈਸਲਰ ਵਿਨੇਸ਼ ਫੋਗਾਟ ਨੇ ਇਤਿਹਾਸ ਰਚਦਿਆਂ 50 ਕਿਲੋਗ੍ਰਾਮ ਫਰੀ ਸਟਾਇਲ 'ਚ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਵਿਨੇਸ਼ ਏਸ਼ੀਅਨ ਖੇਡਾਂ 'ਚ ਰੈਸਲਿੰਗ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਵਿਨੇਸ਼ ਨੇ 50 ਕਿਲੋਗ੍ਰਾਮ ਫਰੀ ਸਟਾਇਲ ਮੁਕਾਬਲੇ 'ਚ ਜਾਪਾਨ ਦੀ ਯੂਕੀ ਇਰੀ ਨੂੰ 6-2 ਨਾਲ ਮਾਤ ਦਿੱਤੀ।
ਪਿਛਲੀਆਂ ਏਸ਼ੀਅਨ ਖੇਡਾਂ 'ਚ ਬ੍ਰਾਊਂਜ਼ ਜਿੱਤਣ ਵਾਲੀ ਵਿਨੇਸ਼ ਨੇ ਇਸ ਵਾਰ ਆਪਣੇ ਤਮਗੇ ਦਾ ਰੰਗ ਬਦਲ ਲਿਆ ਹੈ। ਭਾਰਤ ਦੀ ਵਿਨੇਸ਼ ਨੇ ਪਹਿਲੇ ਗੇੜ 'ਚ ਹੀ ਚਾਰ ਅੰਕ ਆਪਣੇ ਨਾਂ ਕੀਤੇ ਤੇ ਜਾਪਾਨੀ ਖਿਡਾਰਨ 'ਤੇ ਦਬਾਅ ਬਣਾ ਲਿਆ। ਵਿਨੇਸ਼ ਨੇ ਪਹਿਲੇ ਰਾਊਂਡ 'ਚ 4-0 ਦੀ ਬੜਤ ਹਾਸਲ ਕੀਤੀ।
ਦੂਜੇ ਗੇੜ 'ਚ ਵਿਨੇਸ਼ ਨੇ ਸਮਾਂ ਰਹਿੰਦਿਆਂ ਸ਼ਾਨਦਾਰ ਡਿਫੈਂਸ ਨਾਲ ਆਪਣੀ ਬੜਤ ਨੂੰ ਕਾਇਮ ਰੱਖ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਆਖਰੀ 30 ਸਕਿੰਟਾਂ 'ਚ ਵਿਨੇਸ਼ ਨੇ ਦੋ ਅੰਕ ਲੈਂਦਿਆਂ ਇਤਿਹਾਸਕ ਜਿੱਤ ਦਰਜ ਕੀਤੀ।
ਵਿਨੇਸ਼ ਦੇ ਗੋਲਡ ਨਾਲ ਏਸ਼ੀਅਨ ਖੇਡਾਂ 'ਚ ਭਾਰਤ ਦੇ ਤਮਗਿਆਂ ਦੀ ਗਿਣਤੀ 5 ਹੋ ਗਈ ਹੈ। ਇਸ 'ਚ ਦੋ ਗੋਲਡ, ਦੋ ਸਿਲਵਰ ਤੇ ਇੱਕ ਬ੍ਰਾਊਂਜ਼ ਸ਼ਾਮਿਲ ਹੈ।