ਨਵੀਂ ਦਿੱਲੀ: ਕ੍ਰਿਕਟਰ ਗੌਤਮ ਗੰਭੀਰ ਬਾਰੇ ਚਰਚਾ ਹੈ ਕਿ ਉਹ ਜਲਦ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਸਾਲ 2019 'ਚ ਬੀਜੇਪੀ ਦੀ ਟਿਕਟ 'ਤੇ ਦਿੱਲੀ ਤੋਂ ਚੋਣ ਲੜਨ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਲੰਮੇ ਸਮੇਂ ਤੋਂ ਦਿੱਲੀ 'ਚ ਸੱਤਾ ਨਹੀਂ ਲੈ ਸਕੀ ਤੇ ਹੁਣ ਆਪਣੀ ਸ਼ਵੀ ਸੁਧਾਰਨ ਲਈ ਦਿੱਗਜ਼ ਕ੍ਰਿਕਟਰ ਗੌਤਮ ਗੰਭੀਰ ਨੂੰ ਪਾਰਟੀ ਵੱਲੋਂ ਦਿੱਲੀ ਸੀਟ ਤੋਂ ਖੜ੍ਹਾ ਕਰ ਸਕਦੀ ਹੈ।


ਗੌਤਮ ਗੰਭੀਰ ਤੋਂ ਪਹਿਲਾਂ ਨਵਜੋਤ ਸਿੱਧੂ , ਮੁਹੰਮਦ ਕੈਫ, ਪ੍ਰਵੀ ਕੁਮਾਰ, ਵਿਨੋਦ ਕਾਂਬਲੀ ਤੇ ਮੰਸੂਰ ਅਲੀ ਖਾਨ ਪਟੌਦੀ ਖੇਡਾਂ ਤੋਂ ਬਾਅਦ ਰਾਜਨੀਤੀ 'ਚ ਸ਼ਾਮਲ ਹੋ ਚੁੱਕੇ ਹਨ। ਗੰਭੀਰ ਨੇ ਆਖਰੀ ਵਾਰ ਸਾਲ 2016 'ਚ ਇੰਗਲੈਂਡ ਖਿਲਾਫ ਟੈਸਟ ਮੈਚ ਖੇਡਿਆ ਸੀ। ਜੇਕਰ ਗੌਤਮ ਗੰਭੀਰ ਦੇ ਕਰੀਅਰ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ 58 ਟੈਸਟ ਮੈਚਾਂ 'ਚ 4154 ਰਨ ਬਣਾਏ ਤੇ 147 ਅੰਤਰ ਰਾਸ਼ਟਰੀ ਵਨ ਡੇਅ ਮੈਚ ਵਿੱਚ 5238 ਰਨ ਬਣਾਏ ਹਨ।


ਉਹ 2007 'ਚ ਭਾਰਤ ਦੇ ਟੀ20 ਇੰਟਰਨੈਸ਼ਨਲ ਵਰਲਡ ਕੱਪ ਤੇ 2011 'ਚ ਖੇਡੇ ਗਏ ਵਿਸ਼ਵ ਕੱਪ ਦੀ ਟੀਮ ਦਾ ਹਿੱਸਾ ਸਨ ਜਿਸ 'ਚ ਉਨ੍ਹਾਂ ਸ਼ਾਨਦਾਰ ਖੇਡ ਦਿਖਾਈ ਸੀ। ਉਨ੍ਹਾਂ ਦੀ ਅਗਵਾਈ 'ਚ ਦੋ ਵਾਰ ਕਲਕੱਤਾ ਨਾਇਟ ਰਾਇਡਰਸ ਆਈਪੀਐਲ ਦੀ ਵਿਜੇਤਾ ਬਣੀ ਪਰ ਆਈਪੀਐਲ ਦੇ ਪਿਛਲੇ ਯਾਨੀ 11ਵੇਂ ਸੀਜ਼ਨ 'ਚ ਲਗਾਤਾਰ ਹਾਰ ਤੋਂ ਬਾਅਦ ਉਨ੍ਹਾਂ ਨੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।