ਲੰਦਨ ’ਚ ਲੁਕਿਆ ਨੀਰਵ ਮੋਦੀ, UK ਸਰਕਾਰ ਨੇ ਕੀਤੀ ਪੁਸ਼ਟੀ

ਨਵੀਂ ਦਿੱਲੀ: ਕਰੀਬ 14 ਹਜ਼ਾਰ ਕਰੋੜ ਰੁਪਏ ਦੇ PNB ਘਪਲੇ ਦਾ ਮੁੱਖ ਮੁਲਜ਼ਮ ਨੀਰਵ ਮੋਦੀ ਲੰਦਨ ਵਿੱਚ ਲੁਕਿਆ ਹੋਇਆ ਹੈ। ਕੇਂਦਰੀ ਜਾਂਚ ਬਿਊਰੋ CBI ਵੱਲੋਂ ਕਿਹਾ ਗਿਆ ਹੈ ਕਿ ਬ੍ਰਿਟੇਨ ਦੀ ਸਰਕਾਰ (UK) ਨੇ ਇਸ ਦੀ ਪੁਸ਼ਟੀ ਕੀਤੀ ਹੈ। CBI ਨੇ ਬ੍ਰਿਟਿਸ਼ ਸਰਕਾਰ ਕੋਲ ਉੱਚਿਤ ਮਾਧਿਅਮ ਜ਼ਰੀਏ ਉਸ ਦੀ ਹਵਾਲਗੀ ਦੀ ਮੰਗ ਵੀ ਰੱਖੀ ਹੈ। ਖਬਰ ਏਜੰਸੀ ANI ਨੇ ਅੱਜ ਆਪਣੇ ਟਵਿੱਟਰ ਹੈਂਡਲ ਤੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।



ਨੀਰਵ ਮੋਦੀ PNB ਘਪਲੇ ਦਾ ਮੁੱਖ ਮੁਲਜ਼ਮ ਹੈ। ਉਸ ਦਾ ਮਾਮਾ ਤੇ ਘਪਲੇ ਵਿੱਚ ਉਸ ਦਾ ਸਾਥੀ ਮੇਹੁਲ ਚੌਕਸੀ ਵੀ ਮੁਲਜ਼ਮ ਹੈ। ਫਰਵਰੀ ਵਿੱਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਘਪਲੇ ਦੀ ਜਾਣਕਾਰੀ ਜਨਤਕ ਕਰਨ ਤੋਂ ਪਹਿਲਾਂ ਹੀ ਦੋਵੇਂ ਵਿਦੇਸ਼ ਫਰਾਰ ਹੋ ਗਏ। ਲੰਮੇ ਸਮੇਂ ਤੋਂ ਇਹ ਪੁਸ਼ਟੀ ਨਹੀਂ ਹੋ ਰਹੀ ਸੀ ਕਿ ਦੋਵੇਂ ਕਿੱਥੇ ਲੁਕੇ ਹੋਏ ਹਨ।

ਹਾਲ ਹੀ ਵਿੱਚ ਮੇਹੁਲ ਚੌਕਸੀ ਬਾਰੇ ਪਤਾ ਲੱਗਾ ਹੈ ਕਿ ਉਹ ਮੱਧ ਅਮਰੀਕੀ ਦੇਸ਼ ਐਂਟੀਗੁਆ ਵਿੱਚ ਰਹਿ ਰਿਹਾ ਹੈ ਤੇ ਹੁਣ ਨੀਰਵ ਮੋਦੀ ਬਾਰੇ ਵੀ ਬ੍ਰਿਟਿਸ਼ ਸਰਕਾਰ ਨੇ ਪੁਸ਼ਟੀ ਕਰ ਦਿੱਤੀ ਹੈ।