ਸੁਨਾਮ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੁਖਪਾਲ ਖਹਿਰਾ ਧੜ੍ਹੇ ਦੀ ਰਾਏ ’ਤੇ ਵਿਚਾਰ ਕੀਤਾ ਜਾਏਗਾ। ਜੇ ਉਨ੍ਹਾਂ ਦੀ ਰਾਏ ਪਾਰਟੀ ਦੇ ਹਿੱਤ ਵਿੱਚ ਹੁੰਦੀ ਹੈ ਤਾਂ ਇਸ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਏਗਾ। ਕੇਜਰੀਵਾਲ ਐਤਵਾਰ ਨੂੰ ਪਾਰਟੀ ਦੇ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਦੀ ਰਿਹਾਇਸ਼ ’ਤੇ ਵਿਧਾਇਕਾਂ ਨਾਲ ਬੈਠਕ ਕਰਨ ਲਈ ਪੁੱਜੇ ਸਨ। ਉਨ੍ਹਾਂ ਨਾਲ ਪਾਰਟੀ ਦੇ ਪੰਜਾਬ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ। ਬੰਦ ਕਮਰੇ ਵਿੱਚ ਹੋਈ ਬੈਠਕ ਵਿੱਚ ਸਾਂਸਦ ਭਗਵੰਤ ਮਾਨ ਸਣੇ 10 ਵਿਧਾਇਕ ਸ਼ਾਮਲ ਹੋਏ ਜਦਕਿ ਖਹਿਰਾ ਧੜ੍ਹਾ ਇਸ ਤੋਂ ਦੂਰ ਰਿਹਾ।

ਕਰੀਬ ਸਵਾ ਘੰਟੇ ਤਕ ਚੱਲੀ ਬਾਠਕ ਦੌਰਾਨ ਕੇਜਰੀਵਾਲ ਨੇ ਆਪ ਵਿਧਾਇਕਾਂ ਨੂੰ ਖਹਿਰਾ ਨਾਲ ਚੱਲ ਰਹੇ ਵਿਧਾਇਕਾਂ ਤੇ ਵਰਕਰਾਂ ਨੂੰ ਮਨਾਉਣ ਦੇ ਨਿਰਦੇਸ਼ ਦਿੱਤੇ। ਕੇਜਰੀਵਾਲ ਦਾ ਦਾਅਵਾ ਹੈ ਕਿ ਸੁਖਪਾਲ ਖਹਿਰਾ ਨੂੰ ਜਲਦ ਹੀ ਮਨਾ ਲਿਆ ਜਾਏਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲਾਂ ਪਾਰਟੀ ਵਿਧਾਇਕ ਹੀ ਇੱਕ ਦੂਜੇ ਨਾਲ ਸੰਪਰਕ ਕਰਨਗੇ ਤੇ ਜੇ ਜ਼ਰੂਰਤ ਪਈ ਤਾਂ ਉਹ ਖੁਦ ਵੀ ਨਾਰਾਜ਼ ਵਿਧਾਇਕਾਂ ਨਾਲ ਗੱਲਬਾਤ ਕਰਨਗੇ। ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਪੰਜਾਬ ਨੂੰ ਜੋੜਨਾ ਹੈ ਤੋੜਨਾ ਨਹੀਂ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਬਾਦਲ ਸਰਕਾਰ ਤੋਂ ਦੁਖੀ ਹੋ ਕੇ ਪੰਜਾਬ ਦੀ ਵਾਗਡੋਰ ਕੈਪਟਨ ਦੇ ਹੱਥਾਂ ਵਿੱਚ ਸੌਂਪੀ ਸੀ ਪਰ ਕੈਪਟਨ ਸਾਹਬ ਲੋਕਾਂ ਨਾਲ ਕੀਤੇ ਇੱਕ ਵੀ ਵਾਅਦੇ ’ਤੇ ਖਰੇ ਨਹੀਂ ਉੱਤਰੇ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨਜ਼ਰਅੰਦਾਜ਼ ਕਰਕੇ ਜਾਣਬੁੱਝ ਕੇ ਇਸ ਦੀ ਜਾਂਚ ਸੀਬੀਆਈ ਨੂੰ ਸੌਂਪ ਕੇ ਮਾਮਲਾ ਠੰਡੇ ਬਸਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਲੀਕ ਰਿਪੋਰਟ ਵਿੱਚ ਕਈ ਲੀਡਰਾਂ ਤੇ ਪੁਲਿਸ ਅਧਿਕਾਰੀਆਂ ਦੇ ਨਾਂ ਬਾਦਲਾਂ ਵੱਲ ਇਸ਼ਾਰਾ ਕਰਦੇ ਹਨ। ਰਿਪੋਰਟ ਦਾ ਜਨਤਕ ਹੋਣਾ ਬੇਹੱਦ ਜ਼ਰੂਰੀ ਹੈ।

ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਨੇ ਸਾਢੇ ਤਿੰਨ ਸਾਲ ਦਿੱਲੀ ਵਿੱਚ ਕਾਫੀ ਸੁਧਾਰ ਕੀਤੇ ਹਨ। ਸਰਕਾਰੀ ਸਕੂਲਾਂ ਨੂੰ ਕੌਮਾਂਤਰੀ ਪੱਧਰ ਦਾ ਬਣਾ ਦਿੱਤਾ ਗਿਆ ਹੈ। ਜੇ ‘ਆਪ’ ਦਿੱਲੀ ਵਿੱਚ ਏਨਾ ਸੁਧਾਰ ਕਰ ਸਕਦੀ ਹੈ ਤਾਂ ਪੰਜਾਬ ਵਿੱਚ ਕੈਪਟਨ ਕਿਉਂ ਨਹੀਂ ਕਰ ਸਕਦੇ ?

ਉਨ੍ਹਾਂ ਕਿਹਾ ਕਿ ਕੈਪਟਨ ਨੂੰ ਦਿੱਲੀ ਜਾ ਕੇ ਬਦਲਾਅ ਵੇਖਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਤਾਂ ਉਹ ਉਨ੍ਹਾਂ ਨੂੰ ਕੰਮ ਸਿਖਾਉਣਗੇ। ਉਹ ਦਿੱਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 10 ਦਿਨਾਂ ਲਈ ਪੰਜਾਬ ਛੱਡ ਜਾਣਗੇ ਤੇ ਸਿਸੋਦੀਆ ਕੈਪਟਨ ਨੂੰ ਸਿਖਾਉਣਗੇ ਕਿ ਸਰਕਾਰੀ ਸਕੂਲ ਤੇ ਹਸਪਤਾਲ ਕਿਵੇਂ ਠੀਕ ਕਰੀਦੇ ਹਨ।