ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ 'ਚ ਪਿਛਲੇ ਕੁਝ ਸਾਲਾਂ ਦਰਮਿਆਨ ਅਸਹਿਣਸ਼ੀਲਤਾ, ਫਿਰਕੂਵਾਦ ਤੇ ਭੀੜ ਵੱਲੋਂ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਹਨ। ਉਨ੍ਹਾਂ ਅਜਿਹੀਆਂ ਘਟਨਾਵਾਂ ਰੋਕਣ ਲਈ ਇਕਜੁੱਟ ਹੋਣ ਲਈ ਕਿਹਾ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਸ਼ਟਰੀ ਹਿੱਤਾਂ ਲਈ ਨੁਕਸਾਨਦਾਇਕ ਹਨ।


ਮਨਮੋਹਨ ਸਿੰਘ ਰਾਜੀਵ ਗਾਂਧੀ ਰਾਸ਼ਟਰੀ ਸਦਭਾਵਨਾ ਪੁਰਸਕਾਰ ਸਬੰਧੀ ਹੋਏ ਸਮਾਗਮ 'ਚ ਬੋਲ ਰਹੇ ਸਨ। ਇਸ ਵਾਰ ਦਾ ਇਹ ਪੁਰਸਕਾਰ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਦਿੱਤਾ ਗਿਆ।


ਮਨਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਵਾਪਰ ਰਹੀਆਂ ਇਹ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਸ਼ਾਂਤੀ, ਰਾਸ਼ਟਰੀ ਏਕੀਕਰਨ ਨੂੰ ਬੜਾਵਾ ਦੇਣ ਦੇ ਰਾਹ 'ਚ ਵੱਡੀ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਇਸ 'ਤੇ ਸੋਚਣ ਦੀ ਲੋੜ ਹੈ ਕਿ ਅਸੀਂ ਕਿਵੇਂ ਇਕਜੁੱਟ ਹੋ ਕੇ ਅਜਿਹੇ ਵਰਤਾਰੇ ਨੂੰ ਰੋਕ ਸਕਦੇ ਹਾਂ।


ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅਜੋਕੇ ਸਮੇਂ 'ਚ ਗੋਪਾਲ ਕ੍ਰਿਸ਼ਨ ਗਾਂਧੀ ਜਿਹੇ ਵਿਅਕਤੀ ਸਾਡੇ ਦਰਮਿਆਨ ਹਨ। ਸਿੰਘ ਨੇ ਵਿਸ਼ਵਾਸ ਜਤਾਇਆ ਕਿ ਉਹ ਦੇਸ਼ ਤੇ ਜਨਤਾ ਦੀ ਸੇਵਾ 'ਚ ਆਪਣਾ ਬਿਹਤਰੀਨ ਰਿਕਾਰਡ ਜਾਰੀ ਰੱਖਣਗੇ।