ਨਵੀਂ ਦਿੱਲੀ: ਕਿਸਾਨ ਅੰਦੋਲਨ ਵਿਚਾਲੇ ਪੰਜ ਰਾਜਾਂ 'ਚ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਅੱਜ ਹੋ ਸਕਦਾ ਹੈ। ਕਿਸਾਨ ਅੰਦੋਲਨ ਤੇ ਮਹਿੰਗਾਈ ਕਰਕੇ ਇਨ੍ਹਾਂ ਚੋਣਾਂ ਵਿੱਚ ਬੀਜੇਪੀ ਦੀ ਅਗਨੀ ਪ੍ਰੀਖਿਆ ਹੋਏਗੀ। ਚੋਣ ਕਮਿਸ਼ਨ ਅੱਜ ਇਨ੍ਹਾਂ ਪੰਜ ਰਾਜਾਂ ਬੰਗਾਲ, ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੇ ਆਸਾਮ ਵਿੱਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਅੱਜ ਸ਼ਾਮੀਂ ਸਾਢੇ ਚਾਰ ਵਜੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫ਼ਰੰਸ ’ਚ ਅਜਿਹਾ ਐਲਾਨ ਸੰਭਵ ਹੈ।


ਇਨ੍ਹਾਂ ਪੰਜ ਸੂਬਿਆਂ ਵਿੱਚ ਕੁੱਲ 824 ਵਿਧਾਨ ਸਭਾ ਸੀਟਾਂ ਹਨ ਤੇ ਇਨ੍ਹਾਂ ਸਭ ’ਚ ਵੱਖੋ-ਵੱਖਰੀਆਂ ਪਾਰਟੀਆਂ ਦੀਆਂ ਸਰਕਾਰਾਂ ਹਨ। ਪੁੱਡੂਚੇਰੀ ’ਚ ਰਾਸ਼ਟਰਪਤੀ ਰਾਜ ਲਾਗੂ ਹੈ। ਆਉ ਇਨ੍ਹਾਂ ਰਾਜਾਂ ਅੰਦਰ ਅੰਕੜਿਆਂ ਰਾਹੀਂ ਮੌਜੂਦਾ ਸਮੀਕਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।


ਕਿੱਥੇ ਕਿੰਨੀਆਂ ਸੀਟਾਂ?


·         ਪੱਛਮੀ ਬੰਗਾਲ                      294
·         ਆਸਾਮ                                126
·         ਤਾਮਿਲਨਾਡੂ                       234
·         ਯੂਟੀ ਪੁੱਡੂਚੇਰੀ                        30
·         ਕੇਰਲ                                 140


ਵਿਧਾਨ ਸਭਾ ਦਾ ਕਾਰਜਕਾਲ ਕਦੋਂ ਖ਼ਤਮ ਹੋਣਾ ਹੈ


·         ਪੱਛਮੀ ਬੰਗਾਲ                    30 ਮਈ 2021
·         ਆਸਾਮ                               31 ਮਈ 2021
·         ਤਾਮਿਲ ਨਾਡੂ                       24 ਮਈ 2021
·         ਯੂਟੀ ਪੁੱਡੂਚੇਰੀ             6 ਜੂਨ 2021 (ਰਾਸ਼ਟਰਪਤੀ ਰਾਜ)
·         ਕੇਰਲ                              1 ਜੂਨ 2021


ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਤੇ ਮਮਤਾ ਬੈਨਰਜੀ ਮੁੱਖ ਮੰਤਰੀ ਹਨ। ਇਸ ਵੇਲੇ ਤ੍ਰਿਣਮੂਲ ਕੋਲ 211 ਸੀਟਾਂ ਹਨ। ਕਾਂਗਰਸ ਕੋਲ 44, ਖੱਬੀਆਂ ਪਾਰਟੀਆਂ ਕੋਲ 26 ਤੇ ਭਾਜਪਾ ਕੋਲ ਸਿਰਫ਼ 3 ਸੀਟਾਂ ਹਨ।


ਆਸਾਮ ’ਚ ਐਨਡੀਏ ਦੀ ਸਰਕਾਰ ਹੈ ਤੇ ਸਰਵਾਨੰਦ ਸੋਨੋਵਾਲ ਮੁੱਖ ਮੰਤਰੀ ਹਨ। ਭਾਜਪਾ ਇੱਥੇ 89 ਸੀਟਾਂ ਉੱਤੇ ਚੋਣ ਲੜੀ ਸੀ ਤੇ 60 ਉੱਤੇ ਜਿੱਤੀ ਸੀ। ਅਸਮ ਗਣ ਪ੍ਰੀਸ਼ਦ ਕੋਲ 14 ਸੀਟਾਂ ਹਾਨ ਤੇ ਬੋਡੋਲੈਂਡ ਪੀਪਲ’ਜ਼ ਫ਼੍ਰੰਟ ਕੋਲ 12 ਸੀਟਾਂ ਹਨ। ਕਾਂਗਰਸ ਕੋਲ 26 ਸੀਟਾਂ ਹਨ।


ਤਾਮਿਲ ਨਾਡੂ ’ਚ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (AIADMK) ਦੀ ਸਰਕਾਰ ਹੈ ਅਤੇ ਈ. ਪਲਾਨੀਸਵਾਮੀ ਮੁੱਖ ਮੰਤਰੀ ਹਨ। ਉਨ੍ਹਾਂ ਕੋਲ 136 ਸੀਟਾਂ ਹਨ ਤੇ ਮੁੱਖ ਵਿਰੋਧੀ ਡੀਐੱਮਕੇ ਕੋਲ 89 ਸੀਟਾਂ ਹਨ।


ਪੁੱਡੂਚੇਰੀ ’ਚ ਬੀਤੇ ਦਿਨੀਂ ਕਾਂਗਰਸ-ਡੀਐਮਕੇ ਗੱਠਜੋੜ ਸਰਕਾਰ ਡਿੱਗ ਗਈ ਸੀ। ਪਿਛਲੀਆਂ ਚੋਣਾਂ ’ਚ ਕਾਂਗਰਸ ਕੋਲ 15 ਸੀਟਾਂ ਸਨ। ਆਲ ਇੰਡੀਆ ਐੱਨਆਰ ਕਾਂਗਰਸ ਕੋਲ 8 ਸੀਟਾਂ ਸਨ ਤੇ ਬਾਕੀ ਦੇ ਉਮੀਦਵਾਰਾਂ ਕੋਲ 7 ਸੀਟਾਂ ਸਨ।


ਕੇਰਲ ’ਚ ਸੀਪੀਐੱਮ ਦੀ ਅਗਵਾਈ ਹੇਠਲੇ ਖੱਬੇ ਜਮਹੂਰੀ ਮੋਰਚੇ (LDF) ਦੀ ਸਰਕਾਰ ਹੈ ਤੇ ਪਿਨਾਰਾਈ ਵਿਜਯਨ ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ ’ਚ ਇਸ ਗੱਠਜੜ ਨੂੰ 91 ਸੀਟਾਂ ਮਿਲੀਆਂ ਸਨ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫ਼੍ਰੰਟ (UDF) ਨੂੰ 47 ਸੀਟਾਂ ਮਿਲੀਆਂ ਸਨ।