ਨਵੀਂ ਦਿੱਲੀ: ਰੂਸ ਨੇ ਭਾਰਤ ਸਣੇ 4 ਮੁਲਕਾਂ ਦੀਆਂ ਉਡਾਣਾਂ 'ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਕੋਰੋਨਾਵਾਇਰਸ ਮਹਾਮਾਰੀ ਨੂੰ ਵੇਖਦੇ ਹੋਏ ਇਹ ਪਾਬੰਧੀ ਲਾਈ ਗਈ ਸੀ। ਇਸ ਪਾਬੰਧੀ ਨੂੰ ਹਟਾਉਣ ਮਗਰੋਂ ਕੋਰੋਨਾ ਵਾਇਰਸ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

ਰੂਸ ਵੱਲੋਂ ਭਾਰਤ, ਫਿਨਲੈਂਡ, ਵੀਅਤਨਾਮ ਤੇ ਕਤਰ ਲਈ 27 ਜਨਵਰੀ ਤੋਂ ਉਡਾਣਾਂ ਮੁੜ ਸ਼ੁਰੂ ਹੋ ਜਾਣਗੀਆਂ। ਰੂਸ ਦੀ ਸਰਕਾਰ ਦੀ ਇੱਕ ਬੈਠਕ ਵਿੱਚ ਅਧਿਕਾਰੀਆਂ ਨੇ ਕੋਰੋਨਾ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਤੇ ਫਿਰ ਚਾਰੇ ਮੁਲਕਾਂ ਵਿਚ ਪ੍ਰਤੀ ਲੱਖ ਦੀ ਆਬਾਦੀ ਵਿਚ 40 ਤੋਂ ਘੱਟ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਉਡਾਣਾਂ 'ਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ।

ਦੱਸ ਦੇਈਏ ਕਿ ਇੰਗਲੈਂਡ ਵਿੱਚ ਕੋਰੋਨਾ ਦਾ ਨਵਾਂ ਸਟ੍ਰੇਨ ਫੈਲਣ ਮਗਰੋਂ ਰੂਸ ਨੇ ਕਈ ਦੇਸ਼ਾਂ ਦੀਆਂ ਉਡਾਣਾਂ 'ਤੇ ਅਸਥਾਈ ਤੌਰ 'ਤੇ ਰੋਕ ਲਾ ਦਿੱਤੀ ਸੀ। ਉਧਰ ਭਾਰਤ ਵਿਚ ਕੋਰੋਨਾਵਾਇਰਸ ਨੂੰ ਹਰਾਉਣ ਲਈ ਦੇਸ਼ ਭਰ ਅੰਦਰ 16 ਜਨਵਰੀ ਤੋਂ ਟੀਕਾਕਰਣ ਮੁਹਿੰਮ ਸ਼ੁਰੂ ਹੋਈ ਚੁੱਕੀ ਹੈ ਅਤੇ ਪਹਿਲੇ ਦਿਨ ਲਗਪਗ 2 ਲੱਖ ਫਰੰਟ ਲਾਇਨ ਵਰਕਰਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।