ਨਵੀਂ ਦਿੱਲੀ: ਹਰਿਆਣਾ ਵਿੱਚ ਰੋਹਤਕ-ਰੇਵਾੜੀ ਹਾਈਵੇ ’ਤੇ ਅੱਜ ਤੜਕੇ ਵੱਡਾ ਹਾਦਸਾ ਹੋਇਆ। ਕੋਰੇ ਦੀ ਵਜ੍ਹਾ ਕਰਕੇ ਕਰੀਬ 50 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਘਟਨਾ ਵਿੱਚ 6 ਮਹਿਲਾਵਾਂ ਸਮੇਤ 7 ਜਣਿਆਂ ਦੀ ਮੌਤ ਹੋ ਗਈ। ਕਈ ਜ਼ਖ਼ਮੀ ਵੀ ਹੋਏ ਹਨ।
ਹਾਦਸਾ ਉਸ ਵੇਲੇ ਹੋਇਆ ਜਦੋਂ ਝੱਜਰ ਦੇ ਬਾਦਲੀ ਫਲਾਈਓਵਰ ਕੋਲ ਤੇਜ਼ ਰਫ਼ਤਾਰ ਨਾਲ ਗੱਡੀਆਂ ਦੌੜ ਰਹੀਆਂ ਸੀ। ਪਹਿਲਾਂ ਇੱਕ ਗੱਡੀ ਦੂਜੀ ਨਾਲ ਟਕਰਾਈ। ਵਿਜ਼ੀਬਿਲਟੀ ਘੱਟ ਹੋਣ ਕਰਕੇ ਤੇਜ਼ ਰਫ਼ਤਾਰ ਨਾਲ ਮਗਰ ਆ ਰਹੀਆਂ ਗੱਡੀਆਂ ਵੀ ਇੱਕ-ਇੱਕ ਕਰਕੇ ਆਪਸ ਵਿੱਚ ਟਕਰਾ ਗਈਆਂ। ਹਾਦਸੇ ਨਾਲ ਕਰੀਬ ਦੋ ਕਿਲੋਮੀਟਰ ਲੰਮਾ ਜਾਮ ਲੱਗ ਗਿਆ।
ਘਟਨਾ ਸਥਾਨ ’ਤੇ ਵੱਡੀ ਗਿਣਤੀ ਪੁਲਿਸ ਜਵਾਨ ਪਹੁੰਚ ਚੁੱਕੇ ਹਨ। ਜਾਮ ਖੁਲ੍ਹਵਾਉਣ ਲਈ ਪ੍ਰਸ਼ਾਸਨ ਲਗਾਤਾਰ ਯਤਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਵੀ ਠੰਢ ਤੇ ਕੋਰੇ ਤੋਂ ਰਾਹਤ ਨਹੀਂ ਮਿਲੇਗੀ।