Udhampur Incidence: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਵਿਸਾਖੀ ਮੇਲੇ ਦੌਰਾਨ ਹਾਦਸਾ ਵਾਪਰ ਗਿਆ। ਬੇਨੀ ਸੰਗਮ ਇਲਾਕੇ 'ਚ ਇੱਕ ਲੋਹੇ ਦਾ ਫੁੱਟਬ੍ਰਿਜ ਡਿੱਗ ਗਿਆ, ਜਿਸ 'ਚ ਅੱਧੀ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਲਾਕੇ ਵਿੱਚ ਵਿਸਾਖੀ ਮੇਲਾ ਚੱਲ ਰਿਹਾ ਸੀ ਅਤੇ ਇਸ ਵਿਸਾਖੀ ਮੇਲੇ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ।
ਖਾਸ ਗੱਲ ਇਹ ਹੈ ਕਿ ਇਹ ਫੁੱਟਬ੍ਰਿਜ ਇਲਾਕੇ ਦੇ ਲੋਕਾਂ ਨੇ ਖੁਦ ਪੈਸੇ ਜਮ੍ਹਾ ਕਰਵਾ ਕੇ ਬਣਾਇਆ ਸੀ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਮਾਮਲੇ 'ਤੇ ਊਧਪੁਰ ਦੇ ਐੱਸਐੱਸਪੀ ਡਾਕਟਰ ਵਿਨੋਦ ਨੇ ਕਿਹਾ ਹੈ ਕਿ ਘਟਨਾ 'ਚ 6 ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਪੁਲਿਸ ਦੇ ਨਾਲ-ਨਾਲ ਹੋਰ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ।
ਦੋ ਦਿਨ ਪਹਿਲਾਂ ਵਾਪਰਿਆ ਸੀ ਸੜਕ ਹਾਦਸਾ
ਇਸ ਦੇ ਨਾਲ ਹੀ ਇਸ ਘਟਨਾ ਤੋਂ ਦੋ ਦਿਨ ਪਹਿਲਾਂ 12 ਅਪ੍ਰੈਲ ਨੂੰ ਊਧਮਪੁਰ 'ਚ ਸੜਕ ਹਾਦਸਾ ਹੋਇਆ ਸੀ, ਜਿਸ 'ਚ 27 ਯਾਤਰੀ ਜ਼ਖਮੀ ਹੋ ਗਏ ਸਨ। ਜ਼ਿਲ੍ਹੇ ਦੇ ਰਾਮਨਗਰ ਕਸਬੇ ਨੇੜੇ ਡਾਕ ਬੰਗਲਾ ਵਿਖੇ ਇੱਕ ਮਿੰਨੀ ਬੱਸ ਪਲਟ ਗਈ। ਬੱਸ ਰਾਮਨਗਰ ਤੋਂ ਸੁਰਨੀ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਜ਼ਖਮੀ ਯਾਤਰੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਮਿੰਨੀ ਬੱਸ 'ਚੋਂ ਬਾਹਰ ਕੱਢ ਕੇ ਰਾਮਨਗਰ ਦੇ ਉਪ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਸੜਕ ਦੀ ਖਰਾਬ ਹਾਲਤ ਅਤੇ ਵੱਖ-ਵੱਖ ਥਾਵਾਂ 'ਤੇ ਪਏ ਟੋਇਆਂ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਦੇ ਨਾਲ ਹੀ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਇਹ ਘਟਨਾ ਵਾਪਰੀ। ਇਸ ਤੋਂ ਪਹਿਲਾਂ ਕਿ ਡਰਾਈਵਰ ਬੱਸ ਨੂੰ ਰੋਕਦਾ, ਇਹ ਕੰਧ ਨਾਲ ਟਕਰਾ ਕੇ ਪਲਟ ਗਈ। ਘਟਨਾ ਤੋਂ ਬਾਅਦ ਬੱਸ ਵਿੱਚ ਹਾਹਾਕਾਰ ਮੱਚ ਗਈ। ਉੱਥੇ ਮੌਜੂਦ ਸਥਾਨਕ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ।