ਨਵੀਂ ਦਿੱਲੀ: ਕੌਮੀ ਰਾਜਧਾਨੀ ਇਲਾਕੇ ਅੰਦਰ ਵਿਦੇਸ਼ਾਂ ਨੌਕਰੀ ਦਿਵਾਉਣ ਦੇ ਨਾਂਤੇ ਠੱਗੀ ਦਾ ਵੱਡਾ ਜਾਲ ਫੈਲਿਆ ਹੋਇਆ ਹੈ। ਪੁਲਿਸ ਸਾਹਮਣੇ ਅਜਿਹੇ ਗਰੋਹ ਦੀ ਕਰਤੂਤ ਸਾਹਮਣੇ ਆਈ ਹੈ। ਗਰੋਹ ਨੇ 50 ਤੋਂ ਜ਼ਿਆਦਾ ਲੋਕਾਂ ਨਾਲ ਠੱਗੀ ਕਰਕੇ ਲੱਖਾਂ ਰੁਪਏ ਹਜ਼ਮ ਕਰ ਲਏ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਇਸ ਲਈ ਬਾਕਾਇਦਾ ਸੋਸ਼ਲ ਮੀਡੀਆਤੇ ਇਸ਼ਤਿਹਾਰ ਵੀ ਜਾਰੀ ਕੀਤਾ।


ਕੋਰੋਨਾ ਮਹਾਮਾਰੀ ਕਾਰਨ ਹਾਲਾਤ ਇੰਨੇ ਖ਼ਰਾਬ ਹਨ ਕਿ ਲੋਕ ਨੌਕਰੀ ਦੇ ਝਾਂਸੇ ਵਿੱਚ ਸੌਖਿਆਂ ਹੀ ਜਾਂਦੇ ਹਨ। ਉਕਤ ਗਰੋਹ ਲੋਕਾਂ ਤੋਂ ਲੋੜ ਮੁਤਾਬਕ 30 ਹਜ਼ਾਰ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਮੰਗ ਕਰਦਾ ਸੀ। ਗਰੋਹ ਵੀਜ਼ਾ ਲਗਵਾਉਣ ਦੇ ਬਹਾਨੇ ਪਾਸਪੋਰਟ ਵੀ ਆਪਣੇ ਕੋਲ ਰੱਖ ਲੈਂਦਾ ਸੀ। ਇਸ ਹਫ਼ਤੇ ਤਕਰੀਬਨ 50 ਨੌਜਵਾਨਾਂ ਨੇ ਦਿੱਲੀ ਏਅਰਪੋਰਟ ਤੋਂ ਜਹਾਜ਼ ਚੜ੍ਹਨਾ ਸੀ, ਪਰ ਜਦ ਉਹ ਆਪਣੇ ਕਾਗ਼ਜ਼ ਲੈਣ ਲਈ ਕੰਪਨੀ ਦੇ ਦਫ਼ਤਰ ਪਹੁੰਚੇ ਤਾਂ ਉੱਥੇ ਜਿੰਦਰਾ ਵੱਜਿਆ ਹੋਇਆ ਸੀ।


ਝਾਂਸੇ ਵਿੱਚ ਆਏ ਨੌਜਵਾਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਹ ਫੇਸਬੁੱਕ ਇਸ਼ਤਿਹਾਰ ਰਾਹੀਂ ਉਕਤ ਗਰੋਹ ਕੋਲ ਪਹੁੰਚੇ ਸਨ। ਠੱਗੇ ਜਾਣ ਵਾਲਿਆਂ ਵਿੱਚੋਂ ਬਹੁਤੇ ਜਣੇ ਨੇਪਾਲ, ਪੂਰਵਾਂਚਲ ਤੇ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਕੈਨੇਡਾ, ਸਾਊਦੀ, ਮਲੇਸ਼ੀਆ, ਓਮਾਨ, ਮਾਲਦੀਵ ਅਤੇ ਦੁਬਈ ਵਿੱਚ ਨੌਕਰੀ ਦਿਵਾਉਣੀ ਸੀ। ਗਰੋਹ ਨੇ ਸਾਰਿਆਂ ਤੋਂ ਵੱਖ ਵੱਖ ਹਿਸਾਬ ਨਾਲ ਕੁੱਲ 50 ਲੱਖ ਰੁਪਏ ਲਏ ਹਨ।


ਠੱਗ ਇੰਨੇ ਚਲਾਕ ਸਨ ਕਿ ਨੋਇਡਾ ਦੇ ਸੈਕਟਰ 58 ਵਿੱਚ ਉਨ੍ਹਾਂ ਆਪਣਾ ਦਫ਼ਤਰ ਖੋਲ੍ਹਿਆ ਸੀ। ਲੋਕਾਂ ਨੂੰ ਭਰੋਸੇ ਲਈ ਬਾਕਾਇਦਾ ਸਟੈਂਪ ਪੇਪਰਤੇ ਇਕਰਾਰਨਾਮਾ ਵੀ ਕੀਤਾ ਜਾਂਦਾ ਸੀ। ਜਿੱਥੇ ਇਹ ਕੰਪਨੀ ਚੱਲ ਰਹੀ ਸੀ ਉੱਥੇ ਪਹਿਲਾਂ ਤੋਂ ਹੀ 17 ਵੱਖ-ਵੱਖ ਕੰਪਨੀਆਂ ਦੇ ਦਫ਼ਤਰ ਚੱਲ ਰਹੇ ਸਨ। ਮੁਲਜ਼ਮਾਂ ਨੇ ਇਹ ਦਫ਼ਤਰ ਤਿੰਨ ਮਹੀਨੇ ਲਈ ਕਿਰਾਏਤੇ ਲਿਆ ਸੀ। ਨੋਇਡਾ ਦੇ ਸੈਕਟਰ 58 ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।