ਚੰਡੀਗੜ੍ਹ: ਹਰਿਆਣਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਬੀਜੇਪੀ-ਜੇਜੇਪੀ ਗੱਠਜੋੜ ਸਰਕਾਰ ਉੱਪਰ ਖਤਰੇ ਦੇ ਬੱਦਲ ਹਨ। ਅੱਜ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਹੈ। ਅਹਿਮ ਗੱਲ ਹੈ ਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਵੀ ਆਪਣੇ ਲੀਡਰ ਦੁਸ਼ਿਅੰਤ ਚੌਟਾਲਾ ਉੱਪਰ ਹਮਾਇਤ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ।


ਅਜਿਹੇ ਹਾਲਾਤ ਨੂੰ ਵੇਖਦਿਆਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ 10 ਮਾਰਚ ਨੂੰ ਬੇਭਰੋਸਗੀ ਮਤੇ ’ਤੇ ਹੋਣ ਵਾਲੀ ਵੋਟਿੰਗ ਵਿੱਚ ਵ੍ਹਿਪ ਜਾਰੀ ਕਰਕੇ ਸਾਰੇ ਵਿਧਾਇਕਾਂ ਨੂੰ ਸਰਕਾਰ ਦੀ ਹਮਾਇਤ ’ਚ ਵੋਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਵ੍ਹਿਪ ਵਿੱਚ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵੋਟਿੰਗ ਵਾਲੇ ਦਿਨ ਪੂਰਾ ਸਮਾਂ ਸਦਨ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।


ਜੇਜੇਪੀ ਵੱਲੋਂ ਜਾਰੀ ਕੀਤੇ ਗਏ ਵ੍ਹਿਪ ਨਾਲ ਪਾਰਟੀ ਦੇ ਵਿਧਾਇਕਾਂ ਤੇ ਹੋਰਨਾਂ ਆਗੂਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਜਿਸ ਦਾ ਮੁੱਖ ਕਾਰਨ ਹੈ ਕਿ ਸਾਲ 2018 ਵਿੱਚ ਬਣੀ ਜੇਜੇਪੀ ਨੇ ਪਹਿਲੇ ਦਿਨ ਤੋਂ ਕਿਸਾਨਾਂ ਦੀ ਗੱਲ ਕੀਤੀ ਸੀ ਤੇ ਕਿਸਾਨਾਂ ਦੀਆਂ ਵੋਟਾਂ ਲੈ ਕੇ 2019 ਵਿੱਚ ਸਦਨ ਤੱਕ ਪਹੁੰਚੀ ਸੀ ਪਰ ਹੁਣ ਜੇਜੇਪੀ ਦੇ ਵਿਧਾਇਕਾਂ ਦਾ ਪਹਿਲਾਂ ਹੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਜੇਜੇਪੀ ਤੇ ਭਾਜਪਾ ਦੇ ਵਿਧਾਇਕਾਂ ਦੇ ਪਿੰਡਾਂ ਵਿੱਚ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ।


ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਵ੍ਹਿਪ ਜਾਰੀ ਕਰਕੇ 10 ਮਾਰਚ ਨੂੰ ਬੇਭਰੋਸਗੀ ਮਤੇ ’ਤੇ ਹੋਣ ਵਾਲੀ ਵੋਟਿੰਗ ਵਿੱਚ ਆਪਣੇ ਸਾਰੇ ਵਿਧਾਇਕਾਂ ਨੂੰ ਹਾਜ਼ਰ ਰਹਿਣ ਬਾਰੇ ਕਿਹਾ ਹੈ। ਵਿਧਾਨ ਸਭਾ ਵਿੱਚ ਸੂਬਾ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਵਾਲੇ ਵਿਰੋਧੀ ਧਿਰ ਕਾਂਗਰਸ ਨੇ ਵੀ ਸਾਰੇ ਵਿਧਾਇਕਾਂ ਨੂੰ ਵ੍ਹਿਪ ਜਾਰੀ ਕਰਕੇ ਸਾਰੇ ਵਿਧਾਇਕਾਂ ਨੂੰ ਸਰਕਾਰ ਖ਼ਿਲਾਫ਼ ਵੋਟ ਲਈ ਹਾਜ਼ਰ ਰਹਿਣ ਦੀ ਹਦਾਇਤਾਂ ਦਿੱਤੀਆਂ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904