ਨਵੀਂ ਦਿੱਲੀ: ਸਾਬਕਾ ਚੀਫ਼ ਜਸਟਿਸ ਆਫ਼ ਇੰਡੀਆ (ਸੀਜੇਆਈ) ਰੰਜਨ ਗੋਗੋਈ ਨੇ ਵੀਰਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਪਰਲੇ ਸਦਨ ਵਿੱਚ ਨਾਮਜ਼ਦ ਕੀਤਾ ਸੀ।



ਕਾਂਗਰਸ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਮੈਂਬਰਾਂ ਨੇ ਗੋਗੋਈ ਦੀ ਨਿਯੁਕਤੀ ਦਾ ਵਿਰੋਧ ਕੀਤਾ ਤੇ ਰਾਜ ਸਭਾ ਤੋਂ ਵਾਕ ਆਉਟ ਕੀਤਾ। ਕਮਿਊਨਿਸਟ ਪਾਰਟੀ ਆਫ਼ ਇੰਡੀਆ, ਡੀਐਮਕੇ ਤੇ ਐਮਡੀਐਮਕੇ ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।



ਜਸਟਿਸ ਗੋਗੋਈ ਨੂੰ ਨਵੰਬਰ 2019 ਵਿੱਚ ਰਿਟਾਇਰਮੈਂਟ ਤੋਂ ਚਾਰ ਮਹੀਨੇ ਬਾਅਦ 16 ਮਾਰਚ ਨੂੰ ਨਾਮਜ਼ਦ ਕੀਤਾ ਗਿਆ ਸੀ। ਗੋਗੋਈ ਰਾਜ ਸਭਾ ਦੇ ਨਾਮਜ਼ਦ ਮੈਂਬਰ ਬਣਨ ਵਾਲੇ ਪਹਿਲੇ ਸਾਬਕਾ ਚੀਫ਼ ਜਸਟਿਸ ਹਨ।



ਉਹ ਜੱਜ ਰੰਗਨਾਥ ਮਿਸ਼ਰਾ ਤੋਂ ਬਾਅਦ ਰਾਜ ਸਭਾ ਮੈਂਬਰ ਬਣਨ ਵਾਲੇ ਦੂਸਰੇ ਸੀਜੇਆਈ ਵੀ ਹਨ, ਜੋ ਉੜੀਸਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੁਣੇ ਗਏ ਸਨ। ਜਸਟਿਸ ਮਿਸ਼ਰਾ, ਹਾਲਾਂਕਿ, ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਣ ਦੇ ਤਕਰੀਬਨ ਸੱਤ ਸਾਲਾਂ ਬਾਅਦ 1998 ਵਿੱਚ ਰਾਜ ਸਭਾ ਮੈਂਬਰ ਬਣੇ ਸਨ।