ਕਰਨਾਲ: ਗੁਰੂ ਦ੍ਰੋਣਾਚਾਰਿਆ ਐਵਾਰਡ ਨਾਲ ਸਨਮਾਨਤ ਸਾਬਕਾ ਐਸਪੀ ਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕੋਚ ਰਹੇ ਕ੍ਰਿਸ਼ਣ ਹੁੱਡਾ ਵੱਲੋਂ ਕਰਨਾਲ 'ਚ ਇਕ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ  ਭੁਪੇਂਦਰ ਸਿੰਘ ਹੁੱਡਾ, ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ ਦੇ ਨਾਲ ਹਰਿਆਣਾ ਦੇ ਕਈ ਨਾਮੀ ਖਿਡਾਰੀ ਤੇ ਉਨ੍ਹਾਂ ਦੇ ਕੋਚ ਪਹੁੰਚੇ। ਜਿਸ 'ਚ ਬੌਕਸਰ ਵਿਜੇਂਦਰ ਸਿੰਘ ਤੇ ਰੈਸਲਰ ਕੋਚ ਮਹਾਵੀਰ ਫੋਗਾਟ ਵੀ ਸ਼ਾਮਲ ਹੋਏ।


ਭੁਪੇਂਦਰ ਸਿੰਘ ਹੁੱਢਾ ਨੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ 'ਤੇ ਕਿਹਾ ਕਿ ਏਨਾ ਵੱਡਾ ਤੇ ਸ਼ਾਂਤ ਅੰਦੋਲਨ ਮੈਂ ਅੱਜ ਤਕ ਨਹੀਂ ਦੇਖਿਆ। ਸਰਕਾਰ ਤੋਂ ਅੱਜ ਹਰ ਵਰਗ ਪਰੇਸ਼ਾਨ ਹੈ। ਸਰਕਾਰ ਦੀਆਂ ਇਹ ਗਲਤ ਨੀਤੀਆਂ ਹਨ। ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ। ਹੁੱਡਾ ਨੇ ਕਿਹਾ ਕਿ ਅਸੀਂ ਵਿਧਾਨਸਭਾ 'ਚ ਬੇਭਰੋਸਗੀ ਪ੍ਰਸਤਾਵ 10 ਮਾਰਚ ਨੂੰ ਲੈਕੇ ਆਉਣਗੇ। ਉਸ ਦਿਨ ਕੁਝ ਚਿਹਰੇ ਬੇਨਕਾਬ ਹੋ ਜਾਣਗੇ ਜੋ ਇੱਥੇ ਕੁਝ ਹੋਰ ਕਹਿੰਦੇ ਹਨ ਤੇ ਉੱਥੇ ਕੁਝ ਹੋਰ ਕਹਿਣਗੇ। 


ਭੁਪੇਂਦਰ ਸਿੰਘ ਹੁੱਢਾ ਨੇ ਨਾਲ ਹੀ ਮੌਜੂਦਾ ਬੀਜੇਪੀ-ਜੇਜੇਪੀ ਸਰਕਾਰ ਦੇ ਹਰਿਆਣਾ 'ਚ 75 ਫੀਸਦ ਪ੍ਰਾਈਵੇਟ ਨੌਕਰੀਆਂ ਦੇ ਕਦਮ 'ਤੇ ਵੀ ਸਵਾਲ ਚੁੱਕੇ ਤੇ ਬੇਬਾਕੀ ਨਾਲ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਮਿਥੁਨ ਚਕ੍ਰਵਰਤੀ ਦੇ ਬੀਜੇਪੀ 'ਚ ਆਉਣ 'ਤੇ ਕਿਹਾ ਕਿ ਬਹੁਤ ਬੀਜੇਪੀ 'ਚ ਸ਼ਾਮਲ ਹੁੰਦੇ ਹਨ ਤੇ ਬਹੁਤ ਚੋਣਾਂ ਦੇ ਨੇੜੇ ਕਾਂਗਰਸ 'ਚ ਸ਼ਾਮਲ ਹੁੰਦੇ ਹਨ। ਹਾਲਾਂਕਿ ਭੁਪੇਂਦਰ ਹੁੱਡਾ ਨੇ ਸਾਫ ਕਿਹਾ ਕਿ ਕਾਂਗਰਸ ਇਕ ਹੈ ਤੇ ਉਸ 'ਚ ਕੋਈ ਟਕਰਾਅ ਨਹੀਂ ਹੈ।


ਪ੍ਰੋਗਰਾਮ 'ਚ ਪਹੁੰਚੇ ਬੌਕਸਰ ਵਿਜੇਂਦਰ ਸਿੰਘ ਨੇ ਕਿਹਾ ਕਰਨਾਲ ਸਾਡੇ ਦਿਲ ਦੇ ਕਰੀਬ ਹੈ ਤੇ ਹਰਿਆਣਾ ਦੇ ਖਿਡਾਰੀਆਂ ਨੂੰ ਓਲੰਪਿਕਸ ਲਈ ਮੇਰੀਆਂ ਸ਼ੁੱਭਕਾਮਨਾਵਾਂ। ਪਹਿਲਵਾਨ ਕੋਚ ਮਹਾਵੀਰ ਸਿੰਘ ਫੋਗਾਟ ਨੇ ਕਿਹਾ ਕਿ ਹਰਿਆਣਾ ਦੇ ਇਸ ਵਾਰ ਓਲੰਪਿਕ 'ਚ ਚੰਗੇ ਰਿਜ਼ਲਟ ਆਉਣਗੇ ਤੇ ਓਲੰਪਿਕ 2021 'ਚ ਬਜਰੰਗ ਪੂਨੀਆ ਵਿਨੇਸ਼ ਦੇ ਨਾਲ ਕਈ ਖਿਡਾਰੀ ਗੋਲਡ ਮੈਡਲ ਲੈਕੇ ਆਉਣਗੇ।