ਨਵੀਂ ਦਿੱਲੀ: ਬੀਜੇਪੀ ਤੋਂ ਮੁਅੱਤਲ ਲੀਡਰ ਕੀਰਤੀ ਆਜ਼ਾਦ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਸਨ। ਕ੍ਰਿਕੇਟਰ ਤੋਂ ਲੀਡਰ ਬਣੇ ਆਜ਼ਾਦ ਨੇ ਟਵਿੱਟਰ ’ਤੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਬੀਜੇਪੀ ਨੇ 2015 ਵਿੱਚ ਆਜ਼ਾਦ ਨੂੰ ਮੁਅੱਤਲ ਕਰ ਦਿੱਤਾ ਸੀ। ਉਹ ਬਿਹਾਰ ਦੇ ਦਰਭੰਗਾ ਤੋਂ ਸੰਸਦ ਮੈਂਬਰ ਹਨ।

ਇਸ ਮੌਕੇ ਆਜ਼ਾਦ ਨੇ ਟਵੀਟ ਕੀਤਾ ਕਿ ਅੱਜ ਸਵੇਰੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਦਵਾਈ। ਆਜ਼ਾਦ ਨੇ ਮਿਥਿਲਾ ਦੀ ਪਰੰਪਰਾ ਵਿੱਚ ਉਨ੍ਹਾਂ ਨੂੰ ਮਖਾਨਾ ਦੀ ਮਾਲਾ, ਪੱਗ ਤੇ ਚਾਦਰ ਨਾਲ ਸਨਮਾਨਿਤ ਕੀਤਾ।



ਇਸ ਤੋਂ ਪਹਿਲਾਂ ਆਜ਼ਾਦ ਨੇ ਰਾਹੁਲ ਗਾਂਧੀ ਦੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਦੀ ਕੁਸ਼ਲ ਅਗਵਾਈ ਵਿੱਚ ਕਾਂਗਰਸ ਪਾਰਟੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਰਾਹੁਲ ਗਾਂਧੀ ਦੇ ਅੰਦਰ ਕਾਫੀ ਦਮ ਦਿੱਸਦਾ ਹੈ ਜੋ ਸੱਤਾਧਾਰੀ ਬੀਜੇਪੀ ਲਈ ਖ਼ਤਰੇ ਦੀ ਘੰਟੀ ਹੈ।