ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਤੇ ਭਾਰਤ ਰਤਨ ਹਾਸਲ ਕਰਨ ਵਾਲੇ ਪ੍ਰਣਬ ਮੁਖਰਜੀ ਨੇ ਵੋਟਰਾਂ ਦੀ ਗਿਣਤੀ ਨੂੰ ਵੇਖਦਿਆਂ ਸੰਸਦ ਵਿੱਚ ਸੀਟਾਂ ਵਧਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਲੋਕਤੰਤਰਿਕ ਸੰਸਥਾਵਾਂ ਨੂੰ ‘ਸਹੀ ਸ਼ਬਦਾਂ ਵਿੱਚ ਪ੍ਰਤੀਨਿਧੀਵਾਦੀ’ ਬਣਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 1977 ਤੋਂ ਇਹ ਗਿਣਤੀ ਵਧਾਈ ਨਹੀਂ ਗਈ।
ਦਿੱਲੀ ਦੇ ਵਿਗਿਆਨ ਭਵਨ ਵਿੱਚ ਸਭਾ ਨੂੰ ਸੰਬੋਧਨ ਕਰਦਿਆਂ ਮੁਖਰਜੀ ਨੇ ਸੰਸਦੀ ਵਿਵਸਥਾ ਵਿੱਚ ਆਉਣ ਵਾਲੀਆਂ ਕੁਝ ਹੋਰ ਸਮੱਸਿਆਵਾਂ ਵੱਲ ਵੀ ਧਿਆਨ ਖਿੱਚਿਆ। ਉਨ੍ਹਾਂ ਕਿਹਾ ਕਿ ਵਧਦੇ ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਪ੍ਰਤੀਨਿਧੀਆਂ ਦੀ ਗਿਣਤੀ ਨਾ ਵਧ ਪਾਉਣਾ ਚਿੰਤਾ ਦਾ ਵਿਸ਼ਾ ਹੈ।
ਦੱਸ ਦੇਈਏ ਕਿ ਮੌਜੂਦਾ ਲੋਕ ਸਭਾ ਵਿੱਚ 545 ਸੀਟਾਂ ਹਨ। ਇਨ੍ਹਾਂ ਵਿੱਚੋਂ 543 ਚੁਣੀਆਂ ਗਈਆਂ ਸੀਟਾਂ ਹੁੰਦੀਆਂ ਹਨ ਜਦਕਿ ਦੋ ਸੀਟਾਂ ਰਾਸ਼ਟਰਪਤੀ ਵੱਲੋਂ ਨਾਮਜ਼ਦ ਐਂਗਲੋ-ਇੰਡੀਅਨ ਤਬਕੇ ਲਈ ਰੱਖੀਆਂ ਜਾਂਦੀਆਂ ਹਨ। ਮੁਖਰਜੀ ਨੇ ਕਿਹਾ ਕਿ ਦੇਸ਼ ਦੀਆਂ ਸਭ ਤੋਂ ਵੱਧ ਲੋਕਤੰਤਰਿਕ ਸੰਸਥਾਵਾਂ ਨੂੰ ਜ਼ਿਆਦਾ ਪ੍ਰਤੀਨਿਧੀਆਂ ਵਾਲਾ ਬਣਾਉਣ ਲਈ ਜਨਸੰਖਿਆ ਦੇ ਅਨੁਪਾਤ ਵਿੱਚ ਸੰਸਦ ਦੀਆਂ ਸੀਟਾਂ ਵਧਾਉਣ ਦੀ ਲੋੜ ਹੈ।