ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਰਾਜਨੀਤੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਸਨੇ ਕਿਹਾ ਹੈ ਕਿ ਹੁਣ ਉਹ ਸਮਾਜਿਕ ਅਤੇ ਕਲਾ ਅਤੇ ਸਭਿਆਚਾਰ ਨਾਲ ਜੁੜੇ ਕੰਮ ਨੂੰ ਅੱਗੇ ਲੈ ਕੇ ਜਾਵੇਗੀ। ਸ਼ਰਮਿਸ਼ਠਾ ਮੁਖਰਜੀ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਮੈਂ ਰਾਜਨੀਤੀ ਛੱਡ ਰਹੀ ਹਾਂ ਪਰ ਕਾਂਗਰਸ ਦੀ ਮੁੱਢਲੀ ਮੈਂਬਰ ਬਣੀ ਰਹਾਂਗੀ। ਉਸਨੇ ਕਿਹਾ ਕਿ ਮੈਂ ਅੱਗੇ ਸਮਾਜਕ ਕਾਰਜ ਕਰਾਂਗੀ ਅਤੇ ਕਲਾ ਸਭਿਆਚਾਰ ਨਾਲ ਜੁੜੇ ਕੰਮਾਂ ਨੂੰ ਅੱਗੇ ਵਧਾਵਾਂਗੀ।
ਸ਼ਰਮਿਸ਼ਠਾ ਨੇ ਟਵਿੱਟਰ 'ਤੇ ਇੱਕ ਯੂਜ਼ਰ ਦੇ ਟਵੀਟ ਦੇ ਜਵਾਬ 'ਚ ਆਪਣੇ ਫੈਸਲੇ ਦਾ ਐਲਾਨ ਕੀਤਾ ਜਿਸ 'ਚ ਉਨ੍ਹਾਂ ਨੂੰ 'ਇੱਕ ਚੰਗੀ ਸਿਆਸਤਦਾਨ' 'ਦੱਸਿਆ ਗਿਆ। ਸ਼ਰਮਿਸ਼ਠਾ ਨੇ ਲਿਖਿਆ, “ਬਹੁਤ ਧੰਨਵਾਦ ਪਰ ਮੈਂ ਹੁਣ ‘ਸਿਆਸਤਦਾਨ’ ਨਹੀਂ ਹਾਂ। ਮੈਂ ਰਾਜਨੀਤੀ ਛੱਡ ਦਿੱਤੀ ਹੈ। ਮੈਂ ਕਾਂਗਰਸ ਦੀ ਮੁੱਢਲੀ ਮੈਂਬਰ ਹਾਂ ਅਤੇ ਰਹਾਂਗੀ, ਪਰ ਮੈਂ ਹੁਣ ਰਾਜਨੀਤੀ ਵਿੱਚ ਸਰਗਰਮ ਨਹੀਂ ਰਹਾਂਗੀ। ਇੱਕ ਵਿਅਕਤੀ ਕਈ ਹੋਰ ਤਰੀਕਿਆਂ ਨਾਲ ਰਾਸ਼ਟਰ ਦੀ ਸੇਵਾ ਕਰ ਸਕਦਾ ਹੈ।
ਇਸ ਦੇ ਨਾਲ ਹੀ ਉਸਨੇ ਕਿਹਾ, “ਰਾਜਨੀਤੀ ਸਿੱਖਣਾ ਇੱਕ ਬਹੁਤ ਵਧੀਆ ਤਜਰਬਾ ਸੀ ਅਤੇ ਮੈਂ ਆਪਣੀ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ। ਮੈਂ ਆਪਣਾ ਸਰਬੋਤਮ ਵੀ ਦਿੱਤਾ। ਪਰ ਮੈਨੂੰ ਅਹਿਸਾਸ ਹੋਇਆ ਕਿ ਇਹ ਮੈਂ ਨਹੀਂ ਹਾਂ। ਲੋਕਤੰਤਰੀ ਬਹੁਲਵਾਦੀ ਸੰਮਿਲਤ ਭਾਰਤ ਦਾ ਦ੍ਰਿਸ਼ਟੀਕੋਣ ਸਿਰਫ ਰਾਜਨੀਤੀ ਨਹੀਂ ਹੈ। ਸਾਡੇ ਚੋਂ ਹਰ ਕੋਈ ਸਾਡੇ ਆਪਣੇ ਤਰੀਕਿਆਂ ਨਾਲ ਯੋਗਦਾਨ ਪਾ ਸਕਦਾ ਹੈ।"
ਸ਼ਰਮਿਸ਼ਠਾ ਨੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਵਾਲਾਂ ਨੂੰ ਵੀ ਖਾਰਜ ਕਰ ਦਿੱਤਾ। ਉਸਨੇ ਕਿਹਾ ਕਿ ਜੇ ਮੈਨੂੰ ਰਾਜਨੀਤੀ ਵਿੱਚ ਰਹਿਣਾ ਸੀ ਤਾਂ ਮੈਂ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਕਿਉਂ ਸ਼ਾਮਲ ਹੋਵਾਂਗੀ? ਮੈਂ ਬਚਪਨ ਤੋਂ ਹੀ ਸੱਤਾ ਵੇਖੀ ਹੈ। ਇਹ ਮੈਨੂੰ ਪ੍ਰੇਰਿਤ ਨਹੀਂ ਕਰਦੀ। ਮੈਂ ਸ਼ਾਂਤੀਪੂਰਨ ਜੀਵਨ ਜੀਉਣਾ ਚਾਹੁੰਦੀ ਹਾਂ ਅਤੇ ਉਹ ਕਰਨਾ ਚਾਹੁੰਦੀ ਹਾਂ ਜੋ ਮੇਰੇ ਸੁਭਾਅ ਦੇ ਅਨੁਸਾਰ ਹੈ।
ਦੱਸ ਦੇਈਏ ਕਿ ਸ਼ਰਮਿਸ਼ਠਾ ਦੇ ਭਰਾ ਅਭਿਜੀਤ ਮੁਖਰਜੀ ਨੇ ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ ਅਤੇ ਟੀਐਮਸੀ ਵਿੱਚ ਸ਼ਾਮਲ ਹੋਏ ਸੀ। ਪਾਰਟੀ ਛੱਡਣ ਤੋਂ ਬਾਅਦ ਸ਼ਰਮਿਸ਼ਠਾ ਬਾਰੇ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਸੀ, ਪਰ ਹੁਣ ਉਸਨੇ ਸਿਆਸਤ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin