ਜੈਪੁਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮੰਗਲਵਾਰ ਨੂੰ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਭਰਨ ਲਈ ਜੈਪੁਰ ਪਹੁੰਚੇ ਹਨ। ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਖ਼ੁਦ ਉਨ੍ਹਾਂ ਦਾ ਸਵਾਗਤ ਕੀਤਾ। ਯਾਦ ਰਹੇ ਮਨਮੋਹਨ ਸਿੰਘ ਦਾ ਰਾਜ ਸਭਾ ਵਿੱਚ ਕਾਰਜਕਾਲ ਪੂਰਾ ਹੋ ਗਿਆ ਹੈ ਤੇ ਮੌਜੂਦਾ ਉਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ। ਰਾਜਸਥਾਨ ਵਿੱਚ ਮਦਨ ਲਾਲ ਸੈਣੀ ਦੀ ਮੌਤ ਤੋਂ ਬਾਅਦ ਖਾਲੀ ਸੀਟ ਤੋਂ ਕਾਂਗਰਸ ਡਾ. ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜੇਗੀ।


ਆਪਣੇ 100 ਵਿਧਾਇਕਾਂ ਤੋਂ ਇਲਾਵਾ ਕਾਂਗਰਸ ਨੂੰ ਆਜ਼ਾਦ ਉਮੀਦਵਾਰਾਂ, ਬਸਪਾ, ਬੀਟੀਪੀ ਦਾ ਸਮਰਥਨ ਵੀ ਪ੍ਰਾਪਤ ਹੈ। ਅਜਿਹੀ ਸਥਿਤੀ ਵਿੱਚ ਮਨਮੋਹਨ ਸਿੰਘ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਬੀਜੇਪੀ ਕੋਲ ਇਸ ਸਮੇਂ ਸਿਰਫ 72 ਵਿਧਾਇਕ ਹਨ। ਫਿਲਹਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਿਸੇ ਸਦਨ ਦੇ ਮੈਂਬਰ ਨਹੀਂ ਹਨ। ਹਾਲ ਹੀ ਵਿੱਚ ਉਨ੍ਹਾਂ ਰਾਜ ਸਭਾ ਵਿੱਚ ਆਪਣਾ ਕਾਰਜਕਾਲ ਪੂਰਾ ਕੀਤਾ।


ਸੂਤਰਾਂ ਮੁਤਾਬਕ ਪਹਿਲਾਂ ਕਾਂਗਰਸ ਡਾ. ਸਿੰਘ ਨੂੰ ਤਾਮਿਲਨਾਡੂ ਤੋਂ ਰਾਜ ਸਭਾ ਮੈਂਬਰ ਬਣਾਉਣਾ ਚਾਹੁੰਦੀ ਸੀ, ਪਰ ਡੀਐਮਕੇ ਨਾਲ ਪਾਰਟੀ ਦੀ ਗੱਲਬਾਤ ਨਹੀਂ ਹੋ ਸਕੀ। ਅਜਿਹੀ ਸਥਿਤੀ ਵਿੱਚ ਮਨਮੋਹਨ ਸਿੰਘ ਲਈ ਰਾਜਸਥਾਨ ਤੋਂ ਰਾਜ ਸਭਾ ਸੀਟ ਸਭ ਤੋਂ ਸੁਰੱਖਿਅਤ ਮੰਨੀ ਜਾ ਰਹੀ ਹੈ। ਰਾਜਸਥਾਨ ਤੋਂ ਇਲਾਵਾ, ਕਿਸੇ ਵੀ ਹੋਰ ਸੂਬੇ ਵਿੱਚ ਰਾਜ ਸਭਾ ਦੀ ਕੋਈ ਵੀ ਸੀਟ ਖਾਲੀ ਨਹੀਂ ਹੋ ਰਹੀ। ਮਨਮੋਹਨ ਸਿੰਘ ਦਾ ਰਾਜ ਸਭਾ ਵਿੱਚ ਕਾਰਜਕਾਲ 14 ਜੂਨ ਨੂੰ ਖ਼ਤਮ ਹੋ ਗਿਆ ਹੈ। ਉਹ ਅਸਾਮ ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਸਾਂਸਦ ਰਹੇ ਹਨ।


ਦੱਸ ਦੇਈਏ ਰਾਜਸਥਾਨ ਵਿੱਚ ਰਾਜ ਸਭਾ ਦੀ ਇੱਕ ਸੀਟ ਲਈ 26 ਅਗਸਤ ਨੂੰ ਚੋਣ ਹੋਵੇਗੀ, ਜਿਸ ਦੀ ਗਿਣਤੀ ਉਸੇ ਦਿਨ ਕੀਤੀ ਜਾਏਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 14 ਅਗਸਤ ਹੈ। ਨਾਮ ਵਾਪਸ ਲੈਣ ਲਈ 19 ਅਗਸਤ ਆਖਰੀ ਤਰੀਕ ਰੱਖੀ ਗਈ ਹੈ।