ਚੰਡੀਗੜ੍ਹ: ਹੜ੍ਹਾਂ ਦੀ ਸਥਿਤੀ ਤੋਂ ਬਾਅਦ ਪਾਣੀ ਦੇ ਪੱਧਰ 'ਚ ਭਾਰੀ ਉਛਾਲ ਆਉਣ ਕਰਕੇ ਸਤਲੁਜ ਸਮੇਤ ਚਾਰ ਵੱਡੇ ਪਾਵਰ ਪ੍ਰਜੈਕਟ 1500 ਮੈਗਾਵਾਟ ਨਾਥਪਾ ਝਾਖਾਰੀ, 412 ਮੈਗਾਵਾਟ ਰਾਮਪੁਰ, 120 ਮੈਗਾਵਾਟ ਭਾਭਾ ਤੇ 300 ਮੈਗਾਵਾਟ ਬਸਪਾ ਸਟੇਜ-II, 15 ਘੰਟਿਆਂ ਲਈ ਬੰਦ ਰਹੇ ਹਾਲਾਂਕਿ ਅੱਜ ਸਵੇਰੇ ਪਾਣੀ ਦਾ ਪੱਧਰ 10,000 ਪਾਰਟੀਕਲਸ ਤੋਂ ਹੇਠਾਂ ਆ ਗਿਆ ਸੀ ਜਿਸ ਤੋਂ ਬਾਅਦ ਪਾਵਰ ਪ੍ਰੈਜਕਟ ਮੁੜ ਤੋਂ ਬਿਜਲੀ ਉਤਪਾਦਨ ਸ਼ੁਰੂ ਕਰਨਗੇ।


ਕੱਲ੍ਹ ਵਾਂਗਟੂ ਨੇੜ੍ਹੇ ਸਤਲੁਜ ਦਾ ਵਹਾਅ 60,000 ਪਾਰਟੀਕਲਸ ਪ੍ਰਤੀ ਮਿੰਟ ਰਿਹਾ ਜਿਸ ਦੇ ਮੱਦੇਨਜ਼ਰ ਪਾਵਰ ਪ੍ਰਜੈਕਟ ਬੰਦ ਕਰਨੇ ਪਏ। ਹਿਮਾਚਲ 'ਚ ਬੀਤੀ ਸ਼ਾਮ 1000 ਮੈਗਾਵਾਟ ਬਿਜਲੀ ਦੀ ਕਮੀ ਝੱਲਣੀ ਪਈ ਕਿਉਂਕਿ ਐਸਜੇਵੀਐਨਐਲ ਤੇ ਹੋਰ ਪਾਵਰ ਪ੍ਰਜੈਕਟ ਲਗਪਗ 15 ਘੰਟਿਆਂ ਲਈ ਬੰਦ ਕਰ ਕੀਤੇ ਗਏ ਸਨ।


ਬਿਜਲੀ ਦੀ ਕਮੀ ਦੇ ਚੱਲਦਿਆਂ ਉਦਯੋਗਿਕ ਖਪਤਕਾਰਾਂ ਅਤੇ ਹੋਰ ਥਾਵਾਂ ਨੂੰ ਬਿਜਲੀ ਦੀ ਸਪਲਾਈ ਬੰਦ ਕੀਤੀ ਗਈ ਸੀ। ਐਚਪੀਐਸਈਬੀਐਲ ਦੇ ਮੈਨੇਜਿੰਗ ਡਾਇਰੈਕਟਰ ਜੇਪੀ ਕਾਲਟਾ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਦੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਅਸੀਂ 600 ਮੈਗਾਵਾਟ ਬਿਜਲੀ ਹੋਰ ਸਾਧਨਾਂ ਤੋਂ ਜੁਟਾਉਣ ਦਾ ਇੰਤਜ਼ਾਮ ਕਰ ਰਹੇ ਹਾਂ ਪਰ ਫਿਰ ਵੀ ਉਗਯੋਗਿਕ ਖਪਤਕਾਰਾਂ ਦੀ ਬਿਜਲੀ ਕੱਟ ਕੀਤੇ ਜਾਣ ਦੀ ਲੋੜ ਹੈ ਕਿਉਂਕਿ 400 ਮੈਗਾਵਾਟ ਬਿਜਲੀ ਅਜੇ ਵੀ ਘੱਟ ਹੈ। ਜ਼ਿਕਰਯੋਗ ਹੈ ਕਿ ਹਿਮਾਚਲ 'ਚ ਰੋਜ਼ਾਨਾ 1300 ਤੋਂ 1500 ਮੈਗਾਵਾਟ ਬਿਜਲੀ ਦੀ ਖਪਤ ਰਹਿੰਦੀ ਹੈ।


ਐਸਜੇਵੀਐਨਐਲ ਦੇ ਸੂਤਰਾਂ ਮੁਤਾਬਕ ਕੱਲ੍ਹ ਸਤਲੁਜ ਦਾ ਪਾਣੀ 30,000 ਤੋਂ 60,000 ਪਾਰਟੀਕਲਸ ਪ੍ਰਤੀ ਮਿੰਟ ਦੇ ਹਿਸਾਬ ਨਾਲ ਵਹਿ ਰਿਹਾ ਸੀ ਜਦਕਿ ਪਿਛਲੇ 48 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਸ਼ ਦੇ ਚੱਲਦਿਆਂ ਲਾਥਪਾ ਤੇ ਬਸਪਾ ਵੈਲੀ 'ਚ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ। ਜਾਣਕਾਰੀ ਮੁਤਾਬਕ ਪਾਵਰ ਹਾਊਸ ਚਲਾਉਣ ਲਈ ਪਾਣੀ ਦਾ ਪੱਧਰ 5000 ਪਾਰਟੀਕਲਸ ਤੋਂ ਹੇਠਾਂ ਚਾਹੀਦਾ ਹੈ।