ਨਵੀਂ ਦਿੱਲੀ: ਆਜ਼ਾਦੀ ਦਿਹਾੜੇ ਤੇ ਰੱਖੜੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਨੂੰ ਤੋਹਫਾ ਦਿੰਦੇ ਹੋਏ ਬੱਸਾਂ ‘ਚ ਸਫਰ ਫਰੀ ਕਰਨ ਦਾ ਐਲਾਨ ਕੀਤਾ ਹੈ। 29 ਅਕਤੂਬਰ ਤੋਂ ਦਿੱਲੀ ਦੀਆਂ ਬੱਸਾਂ ‘ਚ ਸਫ਼ਰ ਕਰਨ ਲਈ ਔਰਤਾਂ ਦਾ ਕੋਈ ਕਿਰਾਇਆ ਨਹੀਂ ਲੱਗੇਗਾ। ਕੇਜਰੀਵਾਲ ਦਾ ਇਹ ਫੈਸਲਾ ਡੀਟੀਸੀ ਦੀ ਸਾਰੀਆਂ ਬੱਸਾਂ ‘ਤੇ ਲਾਗੂ ਹੋਵੇਗਾ।

ਕੇਜਰੀਵਾਲ ਨੇ ਪਹਿਲਾਂ ਮੈਟਰੋ ਤੇ ਬੱਸਾਂ ‘ਚ ਔਰਤਾਂ ਦਾ ਕਿਰਾਇਆ ਮਾਫ਼ ਕਰਨ ਦਾ ਐਲਾਨ ਕੀਤਾ ਸੀ। ਕੇਜਰੀਵਾਲ ਆਜ਼ਾਦੀ ਦਿਹਾੜੇ ਮੌਕੇ ਛੱਤਰਸਾਲ ਸਟੇਡੀਅਮ ਪਹੁੰਚੇ ਸੀ। ਜਿੱਥੇ ਉਨ੍ਹਾਂ ਨੇ ਕਿਹਾ ਕਿ 29 ਅਕਤੂਬਰ ਨੂੰ ਡੀਟੀਸੀ ਦੀ ਸਾਰੀਆਂ ਬੱਸਾਂ ‘ਚ ਔਰਤਾਂ ਨੂੰ ਸਫ਼ਰ ਕਰਨ ਦੌਰਾਨ ਕੋਈ ਕਿਰਾਇਆ ਨਹੀਂ ਦੇਣਾ ਪਵੇਗਾ।



ਤਿੰਨ ਜੂਨ ਨੂੰ ਕੇਜਰੀਵਾਲ ਨੇ ਪਹਿਲੀ ਵਾਰ ਮੈਟਰੋ ਤੇ ਬੱਸਾਂ ‘ਚ ਔਰਤਾਂ ਦੀ ਯਾਤਰਾ ਫਰੀ ਕਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਯੋਜਨਾ ਨੂੰ ਜਲਦੀ ਲਾਗੂ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਡੈੱਡਲਾਈਨ ਦਿੱਤੀ ਸੀ। ਕੇਜਰੀਵਾਲ ਦਾ ਅੰਦਾਜ਼ਾ ਹੈ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ 700-800 ਕਰੋੜ ਰੁਪਏ ਦਾ ਖ਼ਰਚਾ ਆ ਸਕਦਾ ਹੈ।

ਉਧਰ, ਕੇਜਰੀਵਾਲ ਦੇ ਇਸ ਕਦਮ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦਿੱਲੀ ‘ਚ 2020 ਦੀ ਸ਼ੁਰੂਆਤ ‘ਚ ਵਿਧਾਨ ਸਭਾ ਚੋਣਾਂ ਹਨ। ਕੁਝ ਦਿਨ ਪਹਿਲਾਂ ਕੇਜਰੀਵਾਲ ਸਰਕਾਰ 200 ਯੂਨਿਟ ਬਿਜਲੀ ਬਿਜਲ ਮਾਫ਼ ਕਰ ਚੁੱਕੀ ਹੈ।