ਨਵੀਂ ਦਿੱਲੀ: ਆਮ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਅੱਜ ਫਿਰ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟ੍ਰੋਲ ਦੀਆਂ ਕੀਮਤਾਂ ਵਿੱਚ 22 ਪੈਸੇ ਦੇ ਵਾਧੇ ਨਾਲ ਇੱਕ ਲੀਟਰ ਪੈਟ੍ਰੋਲ ਖਰੀਦਣ ਲਈ 78 ਰੁਪਏ 52 ਪੈਸੇ ਖਰਚਣੇ ਪੈਣਗੇ। ਉੱਥੇ ਹੀ ਡੀਜ਼ਲ ਵਿੱਚ 28 ਪੈਸੇ ਦਾ ਵਾਧਾ ਹੋਇਆ ਹੈ ਤੇ ਇੱਕ ਲੀਟਰ ਡੀਜ਼ਲ ਦੀ ਕੀਮਤ 70 ਰੁਪਏ 21 ਪੈਸੇ ਹੋ ਗਈ ਹੈ।

ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ 'ਤੇ ਵਿਰੋਧੀ ਪਾਰਟੀਆਂ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨੇ ਲਾ ਰਹੀਆਂ ਹਨ। ਕਾਂਗਰਸ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੈਟ ਦੀ ਕਟੌਤੀ ਕੀਤੀ ਜਾਣੀ ਚਾਹੀਦੀ ਹੈ।


ਦੇਸ਼ ਦੇ ਹੋਰ ਵੱਡਿਆਂ ਸ਼ਹਿਰਾਂ ਵਿੱਚੋਂ ਕੋਲਕਾਤਾ 'ਚ ਪੈਟ੍ਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 21 ਤੇ 28 ਪੈਸੇ ਪ੍ਰਤੀ ਲੀਟਰ ਵਧੀ ਹੈ, ਜਿਸ ਤੋਂ ਬਾਅਦ ਪੈਟ੍ਰੋਲ 81 ਰੁਪਏ 44 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 73 ਰੁਪਏ 06 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਪੈਟ੍ਰੋਲ 85 ਰੁਪਏ 93 ਪੈਸੇ ਪ੍ਰਤੀ ਲੀਟਰ ਤਕ ਪਹੁੰਚ ਗਿਆ ਹੈ ਅਤੇ ਡੀਜ਼ਲ 74 ਰੁਪਏ 54 ਪੈਸੇ ਫ਼ੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਸਰਕਾਰ ਮੁਤਾਬਕ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੱਚੇ ਤੇਲ ਦਾ ਭਾਅ ਵਧਣ ਕਾਰਨ ਹੋਇਆ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੱਚੇ ਤੇਲ ਤੋਂ ਤੇਲ ਤਿਆਰ ਕਰਨ ਵਿੱਚ ਲਾਗਤ ਕਾਫੀ ਜ਼ਿਆਦਾ ਹੈ ਅਤੇ ਕੱਚੇ ਤੇਲ ਦੀ ਕੀਮਤ 76.68 ਡਾਲਰ ਪ੍ਰਤੀ ਬੈਰਲ ਪਹੁੰਚ ਚੁੱਕੀ ਹੈ। ਉੱਧਰ ਡਾਲਰ ਦੇ ਮੁਕਾਬਲੇ ਰੁਪਏ ਦੀ ਘਟਦੀ ਕੀਮਤ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ ਹਨ।