Maharashtra Assembly Elections 2024: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਮਾਹੌਲ ਗਰਮਾ ਗਿਆ ਹੈ। ਅਜਿਹੇ ਵਿੱਚ ਇੱਕ ਪਾਰਟੀ ਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਅਜੀਬ ਬਿਆਨ ਸਾਹਮਣੇ ਆਇਆ ਹੈ। ਇਸ ਪਾਰਟੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਉਸ ਨੂੰ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ। ਇਸ ਪਾਰਟੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤੁਲਨਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨਾਲ ਕੀਤੀ ਹੈ। ਪਾਰਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਡੇ ਵਰਕਰ ਤੇ ਲੀਡਰ ਉਸ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨਗੇ।



ਦਰਅਸਲ ਲਾਰੈਂਸ ਬਿਸ਼ਨੋਈ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲੜਨ ਲਈ ਇੱਕ ਸਿਆਸੀ ਪਾਰਟੀ ਵੱਲੋਂ ਪੇਸ਼ਕਸ਼ ਮਿਲੀ ਹੈ। ਲਾਰੈਂਸ ਬਿਸ਼ਨੋਈ ਇਸ ਸਮੇਂ ਸਾਬਰਮਤੀ ਕੇਂਦਰੀ ਜੇਲ੍ਹ, ਅਹਿਮਦਾਬਾਦ ਵਿੱਚ ਬੰਦ ਹੈ। ਉੱਤਰੀ ਭਾਰਤੀ ਵਿਕਾਸ ਸੈਨਾ (UBVS) ਨੇ ਉਨ੍ਹਾਂ ਨੂੰ ਚੋਣ ਲੜਨ ਦਾ ਆਫਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਨੀਲ ਸ਼ੁਕਲਾ ਨੇ ਇਸ ਸਬੰਧੀ ਲਾਰੈਂਸ ਬਿਸ਼ਨੋਈ ਨੂੰ ਪੱਤਰ ਵੀ ਲਿਖਿਆ ਹੈ।


ਇਹ ਵੀ ਪੜ੍ਹੋ: ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ


UBVS ਦੇ ਪ੍ਰਧਾਨ ਸੁਨੀਲ ਸ਼ੁਕਲਾ ਨੇ ਆਪਣੇ ਬਿਆਨ 'ਚ ਕਿਹਾ, "ਮੁੰਬਈ ਵਿਧਾਨ ਸਭਾ ਚੋਣਾਂ ਲੜਨ ਲਈ ਉੱਤਰ ਭਾਰਤੀ ਵਿਕਾਸ ਸੈਨਾ ਦੇ 4 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਦੀ ਮਨਜ਼ੂਰੀ ਤੋਂ ਬਾਅਦ 50 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।" ਸੁਨੀਲ ਸ਼ੁਕਲਾ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਨੂੰ ਲਾਰੈਂਸ ਬਿਸ਼ਨੋਈ ਵਿੱਚ ਦੇਖਦੇ ਹਾਂ।



ਲਾਰੈਂਸ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ, "ਸਾਨੂੰ ਮਾਣ ਹੈ ਕਿ ਤੁਸੀਂ ਪੰਜਾਬ ਵਿੱਚ ਪੈਦਾ ਹੋਏ ਇੱਕ ਉੱਤਰੀ ਭਾਰਤੀ ਹੋ। ਅਸੀਂ ਉੱਤਰੀ ਭਾਰਤੀ ਵਿਕਾਸ ਸੈਨਾ ਦੇ ਨਾਮ 'ਤੇ ਇੱਕ ਰਾਸ਼ਟਰੀ ਤੇ ਮਹਾਰਾਸ਼ਟਰ ਰਾਜ ਰਜਿਸਟਰਡ ਸਿਆਸੀ ਪਾਰਟੀ ਹਾਂ, ਜੋ ਉੱਤਰ ਭਾਰਤੀਆਂ ਦੇ ਹੱਕਾਂ ਲਈ ਕੰਮ ਕਰਦੀ ਹੈ।"


ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਵਿੱਚ ਵੀ ਆਇਆ ਹੈ। ਮੁੰਬਈ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਲਾਰੈਂਸ ਦੇ ਗੁੰਡੇ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਅਜਿਹੇ ਵਿੱਚ ਸਿਆਸੀ ਪਾਰਟੀਆਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।


ਇਹ ਵੀ ਪੜ੍ਹੋ: 'ਅਸੀਂ ਉਨ੍ਹਾਂ ਦਾ ਪਿੱਛਾ ਕੀਤਾ, ਸਲਮਾਨ ਖਾਨ-ਸੈਫ ਅਲੀ...', ਪਹਿਲੀ ਵਾਰ ਸਾਹਮਣੇ ਆਇਆ ਕਾਲਾ ਹਿਰਨ ਮਾਮਲੇ ਦਾ ਚਸ਼ਮਦੀਦ, ਕੀਤਾ ਹੈਰਾਨ ਕਰਨ ਵਾਲਾ ਖੁਲਾਸਾ