ਨਵੀਂ ਦਿੱਲੀ: ਭਾਰਤੀ ਆਰਮੀ ਚੀਫ ਬਿਪਿਨ ਰਾਵਤ ਨੇ ਇੱਕ ਵਾਰ ਫਿਰ ਪਾਕਿਸਤਾਨ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਲੁੱਕਣ ਮੀਟੀ ਦੀ ਖੇਡ ਨਹੀਂ ਚੱਲੇਗੀ। ਫੌਜ ਮੁਖੀ ਨੇ ਧਮਕੀ ਦਿੱਤੀ ਕਿ ਲੋੜ ਪੈਣ ‘ਤੇ ਅਸੀਂ ਐਲਓਸੀ ਪਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਰਾਵਤ ਨੇ ਇਹ ਗੱਲਾਂ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਕਹੀਆਂ। ਉਨ੍ਹਾਂ ਨੇ ਕਿਹਾ ਕਿ ਸਾਡੀ ਰਣਨੀਤੀ ਸਾਫ਼ ਹੈ ਤੇ ਸਾਨੂੰ ਪਤਾ ਹੈ ਕਿ ਅੱਗੇ ਕੀ ਕਰਨਾ ਹੈ।


ਆਰਮੀ ਚੀਫ ਨੇ ਕਿਹਾ ਕਿ ਭਾਰਤ ਦੇ ਸਰਜੀਕਲ ਸਟ੍ਰਾਈਕ ਤੋਂ ਸੀਮਾ ਪਾਰ ਸਾਫ਼ ਤੌਰ ‘ਤੇ ਸੁਨੇਹਾ ਗਿਆ ਹੈ ਕਿ ਜਦੋਂ ਤਕ ਬਾਰਡਰ ‘ਤੇ ਸ਼ਾਂਤੀ ਰਹੇਗੀ ਉਦੋਂ ਤਕ ਭਾਰਤੀ ਸੈਨਾ ਕੋਈ ਐਕਸ਼ਨ ਨਹੀਂ ਲਵੇਗੀ। ਥਲ ਸੈਨਾ ਮੁਖੀ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਸਾਥ ਦੇ ਰਿਹਾ ਹੈ। ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ‘ਚ ਟੈਰਰ ਕੈਂਪਸ ਹਨ ਜੋ ਸਮੇਂ-ਸਮੇਂ ‘ਤੇ ਆਪਣਾ ਟਿਕਾਣਾ ਬਦਲਦੇ ਹਨ। ਆਰਮੀ ਚੀਫ ਨੇ ਕਿਹਾ ਕਿ ਭਾਰਤ ਨਾਲ 6ਵੀਂ ਜੰਗ ਕਰਨਾ ਹੀ ਪਾਕਿਸਤਾਨ ਦੀ ਪਾਲਿਸੀ ਹੈ।

ਬਿਪਿਨ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਨਾਕਾਮ ਕੋਸ਼ਿਸ਼ਾਂ ‘ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਰਮੀ ਚੀਫ ਨੇ ਕਿਹਾ ਕਿ ਇਸ ਸਮੇਂ ਅੱਤਵਾਦੀਆਂ ਸਾਹਮਣੇ ਕਸ਼ਮੀਰ ਘਾਟੀ ‘ਚ ਕੋਈ ਲੀਡ ਕਰਨ ਵਾਲਾ ਨਹੀਂ ਹੈ।