ਪਠਾਨਕੋਟ: ਭਾਰਤੀ ਫ਼ੌਜ ਦੇ ਮੁਖੀ ਬਿਪਿਨ ਰਾਵਤ ਨੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਫਿਰ ਬਿਆਨ ਦਿੱਤਾ ਹੈ। ਇਸ ਵਾਰ ਉਨ੍ਹਾਂ ਕਿਹਾ ਹੈ ਕਿ ਪੰਜਾਬ ਕਿਸੇ ਸੰਕਟ ਵਿੱਚ ਨਹੀਂ ਪਰ ਚੌਕਸ ਰਹਿਣ ਵਾਲਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਨੂੰ ਕੇਂਦਰ ਸਰਕਾਰ ਦੇਖ ਰਹੀ ਹੈ।

ਪੰਜਾਬ ਆ ਕੇ ਡਿਊਟੀ ਦੌਰਾਨ ਫੱਟੜ ਹੋਏ ਜਵਾਨਾਂ ਦੇ ਸਨਮਾਨ ਵਿੱਚ ਪਠਾਨਕੋਟ ਦੀ ਮਾਮੂਨ ਛਾਉਣੀ ਵਿੱਚ ਪਹੁੰਚੇ ਫ਼ੌਜ ਮੁਖੀ ਨੇ ਪੰਜਾਬੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਹਿੱਲਜੁਲ ਹੋ ਰਹੀ ਹੈ, ਪਰ ਪੰਜਾਬ ਦੀ ਜਨਤਾ ਬੇਹੱਦ ਤਾਕਤਵਰ ਹੈ, ਉਹ ਖ਼ੁਦ ਨਹੀਂ ਚਾਹੁੰਦੇ ਕਿ ਬਾਹਰੋਂ ਕੋਈ ਆ ਕੇ ਗ਼ਲਤ ਕਾਰਵਾਈਆਂ ਨੂੰ ਅੰਜਾਮ ਦੇਵੇ।

ਦੱਸਣਾ ਬਣਦਾ ਹੈ ਕਿ ਬੀਤੀ ਤਿੰਨ ਨਵੰਬਰ ਨੂੰ ਭਾਰਤੀ ਫ਼ੌਜ ਦੇ ਮੁਖੀ ਬਿਪਿਨ ਕੁਮਾਰ ਰਾਵਤ ਨੇ ਕਿਹਾ ਸੀ ਕਿ ਬਾਹਰੀ ਤਾਕਤਾਂ ਨਾਲ ਪੰਜਾਬ ਵਿੱਚ ਮੁੜ ਤੋਂ ਦਹਿਸ਼ਤ ਦਾ ਮਾਹੌਲ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਜਨਰਲ ਬਿਪਿਨ ਰਾਵਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਹੀ ਸਮੇਂ ਸਹੀ ਕਦਮ ਨਾ ਚੁੱਕੇ ਗਏ ਤਾਂ ਬਹੁਤ ਦੇਰ ਹੋ ਜਾਵੇਗੀ ਪਰ ਅੱਜ ਫ਼ੌਜ ਮੁਖੀ ਦੇ ਸੁਰ ਪਹਿਲਾਂ ਦੇ ਮੁਕਾਬਲੇ ਨਰਮ ਵਿਖਾਈ ਦਿੱਤੇ।