ਜੰਮੂ-ਕਸ਼ਮੀਰ ਦੇ ਹਾਲਾਤ ‘ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਅਜੀਤ ਡੋਭਾਲ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਲੰਘੇ ਦਿਨ ਘਾਟੀ ਦਾ ਦੌਰਾ ਕਰਕੇ ਸਰੱਖਿਆ ਬਲਾਂ ਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰ ਚਾਹ ਦੀ ਦਾਅਵਤ ਵੀ ਦਿੱਤੀ। ਅਜੀਤ ਡੋਭਾਲ ਨੇ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਸਥਾਨਕ ਲੋਕਾਂ ਨਾਲ ਖਾਣਾ ਖਾਧਾ ਤੇ ਸਭ ਨੂੰ ਸੁਨੇਹਾ ਦਿੱਤਾ ਹੈ ਕਿ ਇੱਥੇ ਸਭ ਠੀਕ ਹੈ।
ਉਧਰ, ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਕਸ਼ਮੀਰੀਆਂ ਵਿੱਚ ਰੋਸ ਹੈ। ਡੋਭਾਲ ਨੇ ਭਾੜੇ ਦੇ ਬੰਦਿਆਂ ਨਾਲ ਵੀਡੀਓ ਬਣਾਈ ਹੈ। ਇਸ ਮਗਰੋਂ ਬੀਜੇਪੀ ਨੇ ਕਾਂਗਰਸ 'ਤੇ ਹਮਲਾ ਕੀਤਾ ਹੈ। ਬੀਜੇਪੀ ਨੇ ਕਿਹਾ ਹੈ ਕਿ ਇਸ ਨਾਲ ਪਾਕਿਸਤਾਨ ਨੂੰ ਸ਼ਹਿ ਮਿਲੇਗੀ।
ਪਤਾ ਲੱਦਾ ਹੈ ਕਿ ਅੱਜ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਵੀ ਕਸ਼ਮੀਰ ਜਾਣਗੇ। ਆਰਟੀਕਲ 370 ਦੇ ਖ਼ਤਮ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਕੋਈ ਨੇਤਾ ਸ੍ਰੀਨਗਰ ਜਾ ਰਿਹਾ ਹੈ। ਇੱਥੇ ਉਹ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ, ਪਰ ਖ਼ਬਰਾਂ ਹਨ ਕਿ ਉਨ੍ਹਾਂ ਨੂੰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਘਾਟੀ ਤੋਂ 370 ਨੂੰ ਹਟਾਉਣ ਤੋਂ ਬਾਅਦ ਅੱਜ ਸਵੇਰ ਤੋਂ ਜੰਮੂ ‘ਚ ਹਾਲਾਤ ਆਮ ਹਨ। ਲੋਕ ਆਪਣੇ ਕੰਮਾਂ ‘ਤੇ ਜਾ ਰਹੇ ਹਨ ਤੇ ਸੜਕਾਂ ‘ਤੇ ਕੁਝ ਆਵਾਜਾਈ ਸ਼ੁਰੂ ਹੋਈ ਹੈ।