ਰੋਹਤਕ: ਇੱਕ ਕੁੜੀ ਨੂੰ ਉਸ ਨਾਲ ਕੀਤੀ ਜਾ ਰਹੀ ਛੇੜਖਾਨੀ ਦੀ ਸ਼ਿਕਾਇਤ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਰੋਹਤਕ ਦੀ ਐਸ.ਬੀ. ਮਾਡਲ ਸਕੂਲ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਸਕੂਲ ਦਾ ਹੀ ਇੱਕ ਵਿਦਿਆਰਥੀ ਛੇੜਖਾਨੀ ਕਰਦਾ ਸੀ। ਉਸ ਦੇ ਰੋਕਣ 'ਤੇ ਵੀ ਉਹ ਨਾ ਹਟਿਆ ਤੇ ਲੜਕੀ ਨੇ ਪ੍ਰਿੰਸੀਪਲ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ।
ਪ੍ਰਿੰਸੀਪਲ ਨੇ ਕਾਰਵਾਈ ਕਰਦਿਆਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਸਾਹਮਣੇ ਉਸ ਨੂੰ ਮੰਦਾ ਚੰਗਾ ਬੋਲਿਆ। 15 ਸਾਲਾ ਵਿਦਿਆਰਥਣ ਇਸ ਗੱਲ ਨੂੰ ਮਨ 'ਤੇ ਲਾ ਗਈ ਤੇ ਘਰ ਆ ਕੇ ਖ਼ੁਦਕੁਸ਼ੀ ਕਰਨ ਲਈ ਆਪਣੇ ਆਪ ਨੂੰ ਫਾਹਾ ਲਾ ਲਿਆ।
ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਚੁੱਕ ਕੇ ਸਥਾਨਕ ਪੀ.ਜੀ.ਆਈ. ਲੈ ਗਏ। ਹਸਪਤਾਲ ਵਿੱਚ ਡਾਕਟਰ ਹੜਤਾਲ 'ਤੇ ਸਨ। ਪਹਿਲਾਂ ਉਸ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਿਆ ਤੇ ਬਾਅਦ ਵਿੱਚ ਉਸ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਕੋਈ ਵੈਂਟੀਲੇਟਰ ਖਾਲੀ ਨਹੀਂ। ਇਸ ਲਈ ਲੜਕੀ ਦੀ ਜ਼ਿੰਦਗੀ ਬਚਾਉਣ ਲਈ ਕਿਤੇ ਹੋਰ ਲਿਜਾਣ ਲਈ ਕਹਿ ਦਿੱਤਾ ਗਿਆ। ਲੜਕੀ ਦੇ ਮਾਪੇ ਉਸ ਨੂੰ ਉਸੇ ਹਾਲਤ ਵਿੱਚ ਹੀ ਤੜਫਦੀ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ, ਜਿੱਥੇ ਥੋੜ੍ਹੇ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਮ੍ਰਿਤਕਾ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਜੇਕਰ ਪੀ.ਜੀ.ਆਈ. ਵਿੱਚ ਸਹੀ ਸਮੇਂ ਉਨ੍ਹਾਂ ਦੀ ਲੜਕੀ ਦਾ ਇਲਾਜ ਸ਼ੁਰੂ ਹੋ ਜਾਂਦਾ ਤਾਂ ਉਹ ਬਚ ਸਕਦੀ ਸੀ। ਪਰਿਵਾਰ ਵਾਲਿਆਂ ਮੁਤਾਬਕ ਲੜਕੀ ਦੇ ਸਾਹ ਤਿੰਨ ਘੰਟੇ ਤਕ ਚਲਦੇ ਰਹੇ ਪਰ ਇਲਾਜ ਨਾ ਹੋਣ ਕਾਰਨ ਹੀ ਉਸ ਦੀ ਮੌਤ ਹੋਈ ਹੈ। ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।