ਬੈਂਗਲੁਰੂ 'ਚ ਪੇਇੰਗ ਗੈਸਟ (ਪੀ.ਜੀ.) 'ਚ ਰਹਿ ਰਹੀ ਲੜਕੀ ਦੀ ਹੱਤਿਆ ਦੇ ਮਾਮਲੇ 'ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਇਸ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਔਰਤ ਮਦਦ ਲਈ ਚੀਕ ਰਹੀ ਹੈ।
ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ 'ਚ ਮਹਿਲਾ ਦੀ ਸਾਬਕਾ ਰੂਮਮੇਟ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਬਿਹਾਰ ਦੀ ਇੱਕ 24 ਸਾਲਾ ਲੜਕੀ ਦੀ ਬੇਂਗਲੁਰੂ ਵਿੱਚ ਉਸਦੇ ਪੀਜੀ ਦੇ ਅੰਦਰ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਕੁਝ ਦਿਨ ਬਾਅਦ, ਪੁਲਸ ਨੇ ਘਿਨਾਉਣੇ ਅਪਰਾਧ ਦੇ ਦਿਨ ਦੀ ਸੀਸੀਟੀਵੀ ਫੁਟੇਜ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਸੀਸੀਟੀਵੀ ਕਲਿੱਪ ਦੇ ਅਨੁਸਾਰ, ਇੱਕ ਵਿਅਕਤੀ ਪੋਲੀਥੀਨ ਬੈਗ ਫੜੇ 'ਪੇਇੰਗ ਗੈਸਟ' ਕਮਰੇ ਵਿੱਚ ਦਾਖਲ ਹੁੰਦਾ ਦੇਖਿਆ ਜਾ ਸਕਦਾ ਹੈ। ਉਹ ਦਰਵਾਜ਼ਾ ਖੜਕਾਉਂਦਾ ਹੈ ਅਤੇ ਕੁਝ ਦੇਰ ਬਾਅਦ ਲੜਕੀ ਨੂੰ ਘਸੀਟਦਾ ਹੋਇਆ ਦੇਖਿਆ ਜਾਂਦਾ ਹੈ।
ਪੀੜਤਾ ਹਮਲੇ ਦਾ ਵਿਰੋਧ ਕਰਦੀ ਹੈ, ਪਰ ਕਾਤਲ ਉਸਨੂੰ ਫੜ ਲੈਂਦਾ ਹੈ, ਉਸਦਾ ਗਲਾ ਵੱਢ ਦਿੰਦਾ ਹੈ ਅਤੇ ਭੱਜ ਜਾਂਦਾ ਹੈ। ਰੌਲਾ ਸੁਣ ਕੇ ਇਮਾਰਤ 'ਚ ਮੌਜੂਦ ਹੋਰ ਕੁੜੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਪਰ ਉਸ ਨੂੰ ਬਚਾਉਣ 'ਚ ਅਸਮਰਥ ਰਹੀਆਂ। ਕਤਲ ਦੀ ਇਹ ਘਟਨਾ ਰਾਤ 11:10 ਤੋਂ 11:30 ਦਰਮਿਆਨ ਵਾਪਰੀ। ਫੁਟੇਜ 'ਚ ਦੋਸ਼ੀ ਨੂੰ ਮੌਕੇ ਤੋਂ ਭੱਜਦੇ ਵੀ ਦੇਖਿਆ ਜਾ ਸਕਦਾ ਹੈ।
ਆਖਿਰ ਕੀ ਹੈ ਸਾਰਾ ਮਾਮਲਾ?
ਬਿਹਾਰ ਦੀ ਰਹਿਣ ਵਾਲੀ 24 ਸਾਲਾ ਲੜਕੀ ਕ੍ਰਿਤੀ ਕੁਮਾਰੀ ਦਾ ਮੰਗਲਵਾਰ ਦੇਰ ਰਾਤ ਬੈਂਗਲੁਰੂ ਸਥਿਤ ਪੀਜੀ ਦੇ ਕਮਰੇ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੱਕ ਪੁਲਸ ਅਧਿਕਾਰੀ ਨੇ ਦੱਸਿਆ, "ਕ੍ਰਿਤੀ ਕੁਮਾਰੀ ਬਿਹਾਰ ਦੀ ਰਹਿਣ ਵਾਲੀ ਸੀ ਅਤੇ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ।" ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਮੁਲਜ਼ਮ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੋਸ਼ੀ ਦਾ ਨਾਂ ਅਭਿਸ਼ੇਕ ਹੈ। ਉਸਨੇ ਹਾਲ ਹੀ ਵਿੱਚ ਬੈਂਗਲੁਰੂ ਵਿੱਚ ਇੱਕ ਪ੍ਰਾਈਵੇਟ ਫਰਮ ਵਿੱਚ ਨੌਕਰੀ ਛੱਡ ਦਿੱਤੀ ਸੀ। ਉਹ ਕ੍ਰਿਤੀ ਕੁਮਾਰੀ ਦੇ ਰੂਮਮੇਟ ਦਾ ਪ੍ਰੇਮੀ ਸੀ। ਅਭਿਸ਼ੇਕ ਅਤੇ ਉਸ ਦੀ ਪ੍ਰੇਮਿਕਾ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਅਭਿਸ਼ੇਕ ਦੀ ਪ੍ਰੇਮਿਕਾ ਕ੍ਰਿਤੀ ਕੁਮਾਰੀ ਦੇ ਕਹਿਣ 'ਤੇ ਪੀਜੀ 'ਚ ਰਹਿਣ ਆ ਗਈ। ਪੁਲਿਸ ਨੂੰ ਸ਼ੱਕ ਹੈ ਕਿ ਅਭਿਸ਼ੇਕ ਨੇ ਕ੍ਰਿਤੀ ਕੁਮਾਰੀ ਨੂੰ ਨਿਸ਼ਾਨਾ ਇਸ ਲਈ ਬਣਾਇਆ ਹੋ ਸਕਦਾ ਹੈ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਨੇ ਉਸਦੀ ਪ੍ਰੇਮਿਕਾ ਨੂੰ ਉਸ ਤੋਂ ਦੂਰ ਕਰਨ ਲਈ ਪ੍ਰਭਾਵਿਤ ਕੀਤਾ ਸੀ।
ਕ੍ਰਿਤੀ ਕੁਮਾਰੀ ਵੀ ਹਾਲ ਹੀ ਵਿੱਚ ਕੋਰਮੰਗਲਾ ਵਿੱਚ ਵੀਆਰ ਲੇਆਉਟ ਪੀਜੀ ਵਿੱਚ ਰਹਿਣ ਆਈ ਸੀ। ਕੋਰਮੰਗਲਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਵਧੀਕ ਪੁਲਿਸ ਕਮਿਸ਼ਨਰ ਰਮਨ ਗੁਪਤਾ ਨੇ ਪੁਸ਼ਟੀ ਕੀਤੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਿਹਾ ਕਿ ਦੋਸ਼ੀ ਪੀੜਤਾ ਨੂੰ ਜਾਣਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਫਿਲਹਾਲ ਫਰਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।