ਫ਼ਤਿਹਾਬਾਦ: ਜ਼ਿਲ੍ਹੇ ਦੇ ਸ਼ਹਿਰ ਟੋਹਾਣਾ ਵਿੱਚ ਬਲਾਤਕਾਰ ਦੇ ਇਲਜ਼ਾਮਾਂ ਵਿੱਚ ਘਿਰੇ ਹੋਏ ਅਮਰਪੁਰੀ ਬਾਬਾ ਬਾਰੇ ਉਸ ਦੀ ਸ਼ਿਕਾਰ ਹੋਈ ਲੜਕੀ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਬਾਬਾ ਹਥਿਆਰ ਤੇ ਨਸ਼ੀਲੀਆਂ ਚੀਜ਼ਾਂ ਦੇ ਦਮ 'ਤੇ ਔਰਤਾਂ ਦਾ ਸੋਸ਼ਣ ਕਰਦਾ ਸੀ। ਪੀੜਤਾ ਨੇ ਖੁਲਾਸਾ ਕੀਤਾ ਕਿ ਬਾਬਾ ਚਾਹ ਪਿਆ ਕੇ ਤੇ ਪਿਸਤੌਲ ਦੀ ਨੋਕ 'ਤੇ ਬਲਾਤਕਾਰ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਬਿਮਾਰ ਚੱਲਦੀ ਆ ਰਹੀ ਸੀ ਤੇ ਬਾਬਾ ਕੋਲ ਇਲਾਜ ਲਈ ਆਉਂਦੀ ਸੀ। ਪੀੜਤਾ ਮੁਤਾਬਕ ਅਮਰਪੁਰੀ ਪਹਿਲਾਂ ਉਨ੍ਹਾਂ ਨੂੰ ਚਾਹ ਪਿਆਉਂਦਾ ਸੀ ਤੇ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚਾਉਂਦਾ ਸੀ। ਇਸ ਤੋਂ ਬਾਅਦ ਉਸ ਨੇ ਖੁਲਾਸਾ ਕੀਤਾ ਕਿ ਨਸ਼ੇ ਦੀ ਘੂਕੀ ਚੜ੍ਹਨ ਤੋਂ ਬਾਅਦ ਬਾਬਾ ਅੰਡਰਗ੍ਰਾਊਂਡ ਕਮਰੇ ਵਿੱਚ ਲੈ ਜਾਂਦਾ ਸੀ ਤੇ ਬਲਾਤਕਾਰ ਕਰਦਾ ਸੀ। ਉਸ ਨੇ ਇਹ ਵੀ ਦੱਸਿਆ ਕਿ ਬਾਬਾ ਆਪਣੇ ਕੋਲ ਲਾਇਸੰਸੀ ਰਿਵਾਲਵਰ ਵੀ ਰੱਖਦਾ ਸੀ ਤੇ ਉਨ੍ਹਾਂ ਨੂੰ ਡਰਾਉਂਦਾ ਵੀ ਸੀ। ਜ਼ਿਕਰਯੋਗ ਹੈ ਕਿ ਲੰਘੀ 21 ਜੁਲਾਈ ਨੂੰ ਹਰਿਆਣਾ ਪੁਲਿਸ ਨੇ ਫ਼ਤਿਹਾਬਾਦ ਦੇ ਤਾਂਤਰਿਕ ਅਮਰਪੁਰੀ ਨੂੰ ਘੱਟੋ-ਘੱਟ 120 ਔਰਤਾਂ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ। ਤਾਂਤਰਿਕ ਅਜਿਹੇ ਘਿਨਾਉਣੇ ਅਪਰਾਧ ਦੀ ਵੀਡੀਓ ਵੀ ਬਣਾਉਂਦਾ ਸੀ, ਜਿਨ੍ਹਾਂ ਸਹਾਰੇ ਉਹ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਤੇ ਦੁਬਾਰਾ ਬਲਾਤਕਾਰ ਕਰਦਾ ਸੀ।