ਚਮੋਲੀ: ਉੱਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਵੱਡੀ ਤਬਾਹੀ ਮਚੀ ਹੈ। ਇਸ ਸੰਕਟ ਤੋਂ ਬਾਅਦ ਉੱਤਰਾਖੰਡ ਦੇ ਨਾਲ ਹੀ ਯੂਪੀ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗੰਗਾ ਕਿਨਾਰੇ ਵਾਲੇ ਜ਼ਿਲ੍ਹਿਆਂ ’ਚ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਯੂਪੀ ਦੇ ਬਿਜਨੌਰ, ਕਨੌਜ, ਫ਼ਤਿਹਗੜ੍ਹ, ਪ੍ਰਯਾਗਰਾਜ, ਕਾਨਪੁਰ, ਮਿਰਜ਼ਾਪੁਰ ਤੇ ਵਾਰਾਨਸੀ ’ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਉੱਤਰਾਖੰਡ ਦੇ ਨਾਲ ਖੜ੍ਹਾ ਹੈ। ਉਹ ਹਰ ਕਿਸੇ ਦੀ ਸੁਰੱਖਿਆ ਲਈ ਅਰਦਾਸ ਕਰਦੇ ਹਨ। ਉਹ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉੱਤਰਾਖੰਡ ਦੇ ਸੀਐਮ ਤ੍ਰਿਵੇਂਦਰ ਸਿੰਘ ਰਾਵਤ, ਡੀਜੀ ਆਈਟੀਬੀਪੀ ਤੇ ਡੀਜੀ ਐਨਡੀਆਰਐਫ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਵ ਭੂਮੀ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਦੱਸ ਦਈਏ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਜੋਸ਼ੀਮੱਠ 'ਚ ਗਲੇਸ਼ੀਅਰ ਦੇ ਟੁੱਟਣ ਕਾਰਨ ਧੌਲੀਗੰਗਾ ਨਦੀ 'ਚ ਹੜ੍ਹ ਆ ਗਿਆ। ਚਮੋਲੀ ਨੰਦਾ ਦੇਵੀ ਨੈਸ਼ਨਲ ਪਾਰਕ ਅਧੀਨ ਕੋਰ ਜ਼ੋਨ 'ਚ ਸਥਿਤ ਗਲੇਸ਼ੀਅਰ ਦੇ ਟੁੱਟਣ ਕਾਰਨ ਰੈਣੀ ਪਿੰਡ ਨੇੜੇ ਰਿਸ਼ੀ ਗੰਗਾ ਤਪੋਵਨ ਹਾਈਡਰ ਪ੍ਰਾਜੈਕਟ ਦਾ ਬੰਨ੍ਹ ਟੁੱਟ ਗਿਆ ਹੈ। 100 ਤੋਂ 150 ਲੋਕਾਂ ਦੇ ਵਹਿ ਜਾਣ ਦਾ ਖਦਸ਼ਾ ਹੈ। ਲਾਗਲੇ ਪਿੰਡ ਦੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ ਤੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।