ਨਵੀਂ ਦਿੱਲੀ: ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਨੇ ਮੋਦੀ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਬਾਰੇ ਫ਼ੈਸਲਾ ਕਰਨ ਲਈ ਖੁੱਲ੍ਹਾ ਸਮਾਂ ਦਿੰਦਿਆਂ ਕਿਹਾ ਹੈ ਕਿ ਉਹ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਲਈ ਫ਼ੈਸਲਾ ਕਰੇ। ਉਦੋਂ ਤਕ ਕਿਸਾਨ ਮੋਰਚਿਆਂ ’ਤੇ ਡਟੇ ਰਹਿਣਗੇ।


ਉਨ੍ਹਾਂ ਕੇਂਦਰ ਸਰਕਾਰ ਦੇ ਕਿਸੇ ਤਰ੍ਹਾਂ ਦੇ ਦਬਾਅ ਹੇਠ ਨਾ ਆਉਣ ਦਾ ਦਾਅਵਾ ਵੀ ਕੀਤਾ।ਟਿਕੈਤ ਨੇ ਕਿਹਾ, ‘ਅਸੀਂ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ 2 ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਉਸ ਤੋਂ ਬਾਅਦ ਹੀ ਕੋਈ ਹੋਰ ਯੋਜਨਾ ਉਲੀਕਾਂਗੇ। ਅਸੀਂ ਦਬਾਅ ਹੇਠ ਆ ਕੇ ਕੇਂਦਰ ਨਾਲ ਗੱਲਬਾਤ ਨਹੀਂ ਕਰਾਂਗੇ।’


ਦੱਸ ਦਈਏ ਕਿ ਇਸ ਸਾਲ ਪੰਜ ਰਾਜਾਂ ਵਿੱਚ ਚੋਣਾਂ ਹਨ। ਇਸ ਤੋਂ ਇਲਾਵਾ ਅਗਲੇ ਸਾਲ ਬੀਜੇਪੀ ਦੇ ਗੜ੍ਹ ਉੱਤਰ ਪ੍ਰਦੇਸ਼ ਵਿੱਚ ਚੋਣਾਂ ਹਨ। ਟਿਕੈਤ ਦੇ ਐਲਾਨ ਨਾਲ ਬੀਜੇਪੀ ਫਿਕਰਾਂ ਵਿੱਚ ਪੈ ਗਈ ਹੈ ਕਿ ਜੇਕਰ ਅੰਦੋਲਨ ਲੰਬਾ ਚੱਲਿਆ ਤਾਂ ਸਿਆਸੀ ਤੌਰ ਉੱਤੇ ਵੱਡਾ ਨੁਕਸਾਨ ਹੋਏਗਾ। ਉਂਝ ਖੇਤੀ ਕਾਨੂੰਨਾਂ ਦਾ ਮਸਲਾ ਚਾਹੇ ਛੇਤੀ ਹੀ ਹੱਲ ਹੋ ਜਾਏ ਪਰ ਟਿਕੈਤ ਨੇ ਸੰਕੇਤ ਦੇ ਦਿੱਤੇ ਹਨ ਕਿ ਲੜਾਈ ਲੰਬੀ ਜਾਰੀ ਰੱਖਣ ਲਈ ਤਿਆਰ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ