ਭੁਪਾਲ: ਕਿਸਾਨ ਅੰਦੋਲਨ ਨਾਲ ਬੀਜੇਪੀ ਅੰਦਰ ਕਲੇਸ਼ ਖੜ੍ਹਾ ਹੋ ਗਿਆ ਹੈ। ਸਰਕਾਰ ਦੇ ਸਖਤ ਸਟੈਂਡ ਤੋਂ ਆਰਐਸਐਸ ਖੁਸ਼ ਨਹੀਂ ਹੈ। ਆਰਐਸਐਸ ਦਾ ਕਿਸਾਨ ਵਿੰਗ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਸਰਕਾਰ ਨੂੰ ਸਖਤੀ ਦੀ ਬਜਾਏ ਕਿਸਾਨਾਂ ਦੀ ਗੱਲ਼ ਸੁਣਨੀ ਚਾਹੀਦੀ ਹੈ। ਇਸ ਦੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਸੁਬਰਾਮਨੀਅਨ ਸਵਾਮੀ ਨੇ ਵੀ ਸਰਕਾਰ ਦੀਆਂ ਨੀਤੀਆਂ ਉੱਪਰ ਸਵਾਲ ਉਠਾਏ ਸੀ।


ਹੁਣ ਆਰਐਸਐਸ ਦੇ ਸੀਨੀਅਰ ਲੀਡਰ ਰਘੂਨੰਦਨ ਸ਼ਰਮਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਇਹ ਕਹਿ ਕੇ ਬੀਜੇਪੀ ਅੰਦਰ ਕੋਹਰਾਮ ਮਚਾ ਦਿੱਤਾ ਹੈ ਕਿ ਤੋਮਰ ਦੇ ਸਿਰ ’ਤੇ ਸੱਤਾ ਦਾ ਨਸ਼ਾ ਸਵਾਰ ਹੈ। ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਰਹਿ ਚੁੱਕੇ ਸ਼ਰਮਾ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਕੇਂਦਰੀ ਮੰਤਰੀ ਨੂੰ ਸੁਝਾਅ ਦਿੱਤਾ ਹੈ ਕਿ ਉਹ ਰਾਸ਼ਟਰਵਾਦ ਮਜ਼ਬੂਤ ਕਰਨ ਲਈ ਕੰਮ ਕਰਨ।


ਉਨ੍ਹਾਂ ਲਿਖਿਆ ਹੈ, ‘ਨਰੇਂਦਰ ਜੀ, ਤੁਸੀਂ ਸਰਕਾਰ ਦਾ ਹਿੱਸਾ ਹੋ। ਤੁਹਾਡਾ ਇਰਾਦਾ ਕਿਸਾਨਾਂ ਦੀ ਸਹਾਇਤਾ ਕਰਨਾ ਹੋਵੇਗਾ ਪਰ ਜੇਕਰ ਕੁਝ ਲੋਕ ਸਹਾਇਤਾ ਨਹੀਂ ਲੈਣਾ ਚਾਹੁੰਦੇ ਹਨ ਤਾਂ ਭਲਾਈ ਕਰਨ ਦੀ ਕੀ ਲੋੜ ਹੈ?’ ਉਨ੍ਹਾਂ ਕਿਹਾ ਕਿ ਹੈ ਕਿ ਜੇਕਰ ਕੋਈ ਨੰਗਾ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਜਬਰੀ ਕੱਪੜੇ ਪਵਾਉਣ ਦੀ ਕੋਈ ਤੁਕ ਨਹੀਂ ਹੈ।


ਉਨ੍ਹਾਂ ਕਿਹਾ,‘‘ਤੁਸੀਂ ਲੋਕ ਰਾਏ ਨੂੰ ਕਿਉਂ ਗੁਆ ਰਹੇ ਹੋ? ਅਸੀਂ ਕਾਂਗਰਸ ਦੀਆਂ ਖ਼ਰਾਬ ਨੀਤੀਆਂ ਅਪਣਾ ਰਹੇ ਹਾਂ ਜੋ ਸਾਡੇ ਹਿੱਤ ’ਚ ਨਹੀਂ ਹਨ। ਘੜੇ ’ਚੋਂ ਇੱਕ-ਇੱਕ ਬੂੰਦ ਟਪਕਣ ਨਾਲ ਉਹ ਖਾਲੀ ਹੋ ਜਾਂਦਾ ਹੈ। ਬੱਸ ਇਹੋ ਹਾਲ ਲੋਕ ਰਾਏ ਨਾਲ ਵੀ ਹੁੰਦਾ ਹੈ।’’ ਆਗੂ ਨੇ ਤੋਮਰ ਨੂੰ ਨਸੀਹਤ ਦਿੰਦਿਆਂ ਲਿਖਿਆ ਹੈ ਕਿ ਉਹ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਾਵੇ, ਨਹੀਂ ਤਾਂ ਬਾਅਦ ’ਚ ਅਫ਼ਸੋਸ ਕਰਨਾ ਪਵੇਗਾ। ‘ਤੁਹਾਨੂੰ ਵਿਚਾਰਧਾਰਾ ਸਾਂਭਣ ਦੀ ਲੋੜ ਹੈ।’


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ