ਨਵੀਂ ਦਿੱਲੀ : ਵਿਦੇਸ਼ 'ਚ ਮੰਦੀ ਦੇ ਬਾਵਜੂਦ ਦੀਵਾਲੀ ਤੋਂ ਪਹਿਲਾਂ ਗਹਿਣੇ ਬਣਾਉਣ ਵਾਲਿਆਂ ਦੀ ਮੰਗ ਨਿਕਲਣ ਕਾਰਨ ਸੋਨੇ 'ਚ ਤੇਜ਼ੀ ਪਰਤ ਆਈ। ਬੁੱਧਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ ਪੀਲੀ ਧਾਤੂ 290 ਰੁਪਏ ਭੜਕ ਕੇ 31,000 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।

ਬੀਤੇ ਦਿਨ ਇਸ ਧਾਤੂ 'ਚ 140 ਰੁਪਏ ਦੀ ਗਿਰਾਵਟ ਆਈ ਸੀ। ਹਾਲਾਂਕਿ ਸਨਅਤੀ ਇਕਾਈਆਂ ਤੇ ਸਿੱਕਾ ਬਣਾਉਣ ਵਾਲਿਆਂ ਦੀ ਸੀਮਤ ਮੰਗ ਕਾਰਨ ਚਾਂਦੀ ਬਿਨਾਂ ਕਿਸੇ ਬਦਲਾਅ ਦੇ ਪੁਰਾਣੇ ਪੱਧਰ 41,000 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ।

ਮੰਗਲਵਾਰ ਨੂੰ ਇਹ ਸਫੈਦ ਧਾਤੂ 400 ਰੁਪਏ ਟੁੱਟੀ ਸੀ। ਸਿੰਗਾਪੁਰ ਦੇ ਕੌਮਾਂਤਰੀ ਸਰਾਫਾ ਬਾਜ਼ਾਰ 'ਚ ਸੋਨਾ ਘਟ ਕੇ 1283.20 ਡਾਲਰ ਪ੍ਰਤੀ ਔਂਸ ਰਿਹਾ। ਚਾਂਦੀ ਵੀ ਟੁੱਟ ਕੇ 16.98 ਡਾਲਰ ਪ੍ਰਤੀ ਔਂਸ ਹੋ ਗਈ। ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ, ਜਿਥੇ ਦੀਵਾਲੀ ਤੋਂ ਪਹਿਲਾਂ ਲਿਵਾਲੀ ਦੇਖਣ ਨੂੰ ਮਿਲੀ।

ਇਸ ਦਿਨ ਇਥੇ ਸੋਨੇ ਦੇ ਗਹਿਣਿਆਂ ਦਾ ਮੁੱਲ 290 ਰੁਪਏ ਚੜ੍ਹ ਕੇ 30,850 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 24,700 ਰੁਪਏ 'ਤੇ ਕਾਇਮ ਰਹੀ। ਹਫਤਾਵਰੀ ਡਲਿਵਰੀ ਵਾਲੀ ਚਾਂਦੀ 130 ਰੁਪਏ ਗੁਆ ਕੇ 39,860 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ ਪਿਛਲੇ ਪੱਧਰ 75,000-76,000 ਰੁਪਏ ਪ੍ਰਤੀ ਸੈਂਕੜੇ 'ਤੇ ਬਰਕਰਾਰ ਰਿਹਾ।