Pradhanmantri Jan Aushadhi Kendra: ਸਰਕਾਰ ਨੇ ਗਰੀਬ ਲੋਕਾਂ ਦੇ ਸਿਰ ਤੋਂ ਮਹਿੰਗੀਆਂ ਦਵਾਈਆਂ ਦਾ ਬੋਝ ਹਟਾਉਣ ਲਈ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਸ਼ੁਰੂ ਕੀਤੇ ਸਨ। ਇਨ੍ਹਾਂ ਦਵਾਈ ਕੇਂਦਰਾਂ 'ਚ ਜੈਨਰਿਕ ਦਵਾਈਆਂ ਬਹੁਤ ਘੱਟ ਕੀਮਤ 'ਤੇ ਉਪਲੱਬਧ ਹਨ। ਇਸ ਕਾਰਨ ਗਰੀਬ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਸਤੀਆਂ ਦਵਾਈਆਂ ਦਾ ਲਾਭ ਮਿਲਦਾ ਹੈ। ਸਰਕਾਰ ਦਾ ਟੀਚਾ ਹੈ ਕਿ ਜਨ ਔਸ਼ਧੀ ਕੇਂਦਰ ਦੇਸ਼ ਦੇ ਕੋਨੇ-ਕੋਨੇ ਤੱਕ ਖੁੱਲ੍ਹੇ ਹੋਣ। ਇਸ ਲਈ ਸਰਕਾਰ ਦੇਸ਼ ਦੇ 26 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਨੂੰ ਇਸ ਯੋਜਨਾ ਨਾਲ ਜੁੜਨ ਦਾ ਮੌਕਾ ਦੇ ਰਹੀ ਹੈ ਤਾਂ ਜੋ ਉਹ ਆਪਣਾ ਜਨ ਔਸ਼ਧੀ ਕੇਂਦਰ ਖੋਲ੍ਹ ਸਕਣ।
ਇਸ ਤਰ੍ਹਾਂ ਆਨਲਾਈਨ ਕਰੋ ਅਪਲਾਈ
ਜੇਕਰ ਤੁਸੀਂ ਵੀ ਨਵਾਂ ਰੁਜ਼ਗਾਰ ਲੱਭ ਰਹੇ ਹੋ ਅਤੇ ਆਪਣਾ ਮੈਡੀਕਲ ਸਟੋਰ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਮੌਕੇ ਦਾ ਫ਼ਾਇਦਾ ਉਠਾ ਸਕਦੇ ਹੋ। ਸਰਕਾਰ ਪਿਛਲੇ ਕੁਝ ਸਾਲਾਂ ਤੋਂ ਸਵੈ-ਰੁਜ਼ਗਾਰ ਦੇ ਮੌਕਿਆਂ ਨੂੰ ਬਹੁਤ ਉਤਸ਼ਾਹਿਤ ਕਰ ਰਹੀ ਹੈ। ਅਜਿਹੀ ਸਥਿਤੀ 'ਚ ਬੇਰੁਜ਼ਗਾਰ ਫ਼ਾਰਮਾਸਿਸਟਾਂ, ਟਰੱਸਟ, ਸੁਸਾਇਟੀਆਂ ਆਦਿ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਨੂੰ ਕੁੱਲ 406 ਜ਼ਿਲ੍ਹਿਆਂ ਤੇ 3579 ਬਲਾਕਾਂ 'ਚ ਖੋਲ੍ਹਣ ਦੀ ਯੋਜਨਾ ਹੈ। ਅਜਿਹੀ ਸਥਿਤੀ 'ਚ ਜੇਕਰ ਤੁਸੀਂ ਵੀ ਇਸ ਮੌਕੇ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਨ ਔਸ਼ਧੀ ਕੇਂਦਰ ਦੀ ਅਧਿਕਾਰਤ ਵੈੱਬਸਾਈਟ janaushadhi.gov.in 'ਤੇ ਜਾ ਕੇ ਲੌਗਇਨ ਕਰ ਸਕਦੇ ਹੋ। ਅਜਿਹੇ 'ਚ ਸਰਕਾਰ ਲੋਕਾਂ ਨੂੰ ਸ਼ਾਰਟ ਲਿਸ਼ਟ ਕਰਕੇ ਉਨ੍ਹਾਂ ਨੂੰ ਆਪਣੇ ਸ਼ਹਿਰਾਂ ਤੇ ਪਿੰਡਾਂ 'ਚ ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਮੌਕਾ ਦੇਵੇਗੀ।
ਦੇਸ਼ 'ਚ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਵਧਾਉਣ ਦਾ ਟੀਚਾ -
ਜ਼ਿਕਰਯੋਗ ਹੈ ਕਿ ਸਰਕਾਰ ਸਸਤੀਆਂ ਦਵਾਈਆਂ ਦਾ ਲਾਭ ਦੇਸ਼ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਲਗਭਗ 10,000 ਨਵੇਂ ਔਸ਼ਧੀ ਕੇਂਦਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਇਹ ਸਾਰੇ ਕੇਂਦਰ ਸਾਲ 2024 ਤੱਕ ਖੋਲ੍ਹੇ ਜਾਣ ਦੀ ਯੋਜਨਾ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ 'ਚ ਵੱਡੀ ਗਿਣਤੀ 'ਚ ਜਨ ਔਸ਼ਧੀ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਜਨ ਔਸ਼ਧੀ ਕੇਂਦਰ ਯੋਜਨਾ ਦੇ ਜ਼ਰੀਏ ਸਰਕਾਰ ਔਰਤਾਂ, ਉੱਤਰ-ਪੂਰਬੀ ਸੂਬਿਆਂ ਦੇ ਲੋਕਾਂ, ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਆਦਿ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨਾ ਚਾਹੁੰਦੀ ਹੈ। ਜੇਕਰ ਤੁਸੀਂ ਆਪਣੇ ਬਲਾਕ 'ਚ ਜਨ ਔਸ਼ਧੀ ਸਟੋਰ ਖੋਲ੍ਹਣਾ ਚਾਹੁੰਦੇ ਹੋ ਤਾਂ janaushadhi.gov.in 'ਤੇ ਜਾ ਕੇ ਤੁਸੀਂ ਆਪਣੇ ਜ਼ਿਲ੍ਹੇ ਦੇ ਅਨੁਸਾਰ ਜਨ ਔਸ਼ਧੀ ਸਟੋਰ ਖੋਲ੍ਹਣ ਲਈ ਵੈਕੇਂਸੀ ਦੀ ਜਾਂਚ ਕਰ ਸਕਦੇ ਹੋ।