FAO Report: ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਸਾਲ ਕਣਕ ਦਾ ਉਤਪਾਦਨ ਵਧੇਗਾ। ਇਸ ਦੇ ਨਾਲ ਹੀ ਝੋਨੇ ਦਾ ਉਤਪਾਦਨ ਵੀ ਰਿਕਾਰਡ ਤੋੜੇਗਾ। ਇਹ ਖੁਲਾਸਾ ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ (FAO) ਨੇ ਕੀਤਾ ਹੈ। ਐਫਏਓ ਦੀ ਰਿਪੋਰਟ ਮੁਤਾਬਕ ਇਸ ਸਾਲ ਵਿਸ਼ਵ ਕਣਕ ਦਾ ਉਤਪਾਦਨ 796 ਮਿਲੀਅਨ ਟਨ ਤੱਕ ਵਧਣ ਦੀ ਉਮੀਦ ਹੈ, ਜੋ 2024 ਦੇ ਮੁਕਾਬਲੇ ਲਗਪਗ ਇੱਕ ਪ੍ਰਤੀਸ਼ਤ ਵੱਧ ਹੋਵੇਗਾ।
ਇਸ ਦੇ ਨਾਲ ਹੀ ਯੂਰਪੀਅਨ ਯੂਨੀਅਨ ਵਿੱਚ ਕਣਕ ਦੀ ਪੈਦਾਵਾਰ ਵਧ ਸਕਦੀ ਹੈ। ਖਾਸ ਕਰਕੇ ਫਰਾਂਸ ਤੇ ਜਰਮਨੀ ਵਿੱਚ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਬਿਜਾਈ ਖੇਤਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ, ਪੂਰਬੀ ਯੂਰਪ ਵਿੱਚ ਸੋਕਾ ਤੇ ਪੱਛਮੀ ਯੂਰਪ ਵਿੱਚ ਭਾਰੀ ਬਾਰਸ਼ ਉਤਪਾਦਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਮਰੀਕਾ ਵਿੱਚ ਕਣਕ ਦਾ ਰਕਬਾ ਵਧਣ ਦੀ ਉਮੀਦ ਹੈ ਪਰ ਸਰਦੀਆਂ ਦੇ ਸੋਕੇ ਕਾਰਨ ਉਤਪਾਦਨ ਵਿੱਚ ਮਾਮੂਲੀ ਗਿਰਾਵਟ ਆ ਸਕਦੀ ਹੈ।
ਖੁਰਾਕ ਤੇ ਖੇਤੀਬਾੜੀ ਸੰਗਠਨ (FAO) ਦੀ ਰਿਪੋਰਟ ਅਨੁਸਾਰ ਝੋਨੇ ਦੇ ਉਤਪਾਦਨ ਨੂੰ ਲੈ ਕੇ ਵੀ ਸਕਾਰਾਤਮਕ ਸੰਕੇਤ ਦੇਖੇ ਜਾ ਰਹੇ ਹਨ। 2024-25 ਵਿੱਚ ਵਿਸ਼ਵ ਪੱਧਰ 'ਤੇ ਚੌਲਾਂ ਦਾ ਉਤਪਾਦਨ 543 ਮਿਲੀਅਨ ਟਨ ਦੇ ਰਿਕਾਰਡ ਪੱਧਰ ਤੱਕ ਪਹੁੰਚ ਸਕਦਾ ਹੈ। ਇਹ ਵਾਧਾ ਮੁੱਖ ਤੌਰ 'ਤੇ ਭਾਰਤ ਵਿੱਚ ਬਿਹਤਰ ਫ਼ਸਲ ਤੇ ਕੰਬੋਡੀਆ ਤੇ ਮਿਆਂਮਾਰ ਵਿੱਚ ਅਨੁਕੂਲ ਮੌਸਮੀ ਹਾਲਾਤਾਂ ਕਾਰਨ ਹੋਵੇਗਾ।
ਸੰਗਠਨ ਨੇ ਆਪਣੇ ਵਿਸ਼ਵਵਿਆਪੀ ਅਨਾਜ ਉਤਪਾਦਨ ਦੇ ਅਨੁਮਾਨ ਨੂੰ ਵਧਾ ਕੇ 2.842 ਮਿਲੀਅਨ ਟਨ ਕਰ ਦਿੱਤਾ ਹੈ, ਜੋ 2023 ਨਾਲੋਂ ਥੋੜ੍ਹਾ ਵੱਧ ਹੈ। ਇਸ ਤੋਂ ਇਲਾਵਾ, 2024-25 ਵਿੱਚ ਅਨਾਜ ਦੀ ਕੁੱਲ ਖਪਤ 286.7 ਕਰੋੜ ਟਨ ਤੱਕ ਪਹੁੰਚਣ ਦੀ ਉਮੀਦ ਹੈ, ਜੋ ਇੱਕ ਪ੍ਰਤੀਸ਼ਤ ਦਾ ਵਾਧਾ ਹੈ। ਇਹ ਵਾਧਾ ਮੁੱਖ ਤੌਰ 'ਤੇ ਚੌਲਾਂ ਦੀ ਵਧਦੀ ਮੰਗ ਕਾਰਨ ਹੋ ਸਕਦਾ ਹੈ। ਦੂਜੇ ਪਾਸੇ ਕਣਕ ਦੀ ਖਪਤ ਸਥਿਰ ਰਹਿਣ ਦੀ ਉਮੀਦ ਹੈ। ਭਾਵੇਂ ਕਣਕ ਦੀ ਭੋਜਨ ਵਜੋਂ ਵਰਤੋਂ ਵਿੱਚ ਥੋੜ੍ਹੀ ਜਿਹੀ ਗਿਰਾਵਟ ਆ ਸਕਦੀ ਹੈ, ਪਰ ਫੈਕਟਰੀਆਂ ਵਿੱਚ ਇਸ ਦੀ ਵਰਤੋਂ ਵਧ ਸਕਦੀ ਹੈ, ਖਾਸ ਕਰਕੇ ਚੀਨ ਵਿੱਚ।
ਅਨਾਜ ਭੰਡਾਰਨ ਵਿੱਚ ਗਿਰਾਵਟ ਆਉਣ ਦੀ ਉਮੀਦ
ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ ਦਾ ਅਨੁਮਾਨ ਹੈ ਕਿ 2025 ਵਿੱਚ ਵਿਸ਼ਵ ਪੱਧਰ 'ਤੇ ਅਨਾਜ ਭੰਡਾਰ 1.9 ਪ੍ਰਤੀਸ਼ਤ ਘਟ ਕੇ 869.3 ਮਿਲੀਅਨ ਟਨ ਰਹਿ ਸਕਦਾ ਹੈ। ਹਾਲਾਂਕਿ, ਇਸ ਗਿਰਾਵਟ ਨੂੰ ਰੂਸ ਤੇ ਯੂਕਰੇਨ ਵਿੱਚ ਵਧੇ ਹੋਏ ਸਟੋਰੇਜ ਦੁਆਰਾ ਅੰਸ਼ਕ ਤੌਰ 'ਤੇ ਸੰਤੁਲਿਤ ਕੀਤਾ ਜਾ ਸਕਦਾ ਹੈ। ਸਟਾਕ-ਟੂ-ਯੂਜ਼ ਅਨੁਪਾਤ 29.9 ਪ੍ਰਤੀਸ਼ਤ ਤੱਕ ਡਿੱਗਣ ਦੀ ਉਮੀਦ ਹੈ, ਪਰ ਇਸ ਨੂੰ ਅਜੇ ਵੀ ਤਸੱਲੀਬਖਸ਼ ਮੰਨਿਆ ਜਾ ਰਿਹਾ ਹੈ। ਵਿਸ਼ਵ ਵਪਾਰ ਵਿੱਚ ਵੀ ਗਿਰਾਵਟ ਆਉਣ ਦੀ ਉਮੀਦ ਹੈ। FAO ਨੇ ਆਪਣਾ ਅਨੁਮਾਨ ਘਟਾ ਕੇ 484.2 ਮਿਲੀਅਨ ਟਨ ਕਰ ਦਿੱਤਾ ਹੈ, ਜੋ ਪਿਛਲੇ ਸਾਲ ਨਾਲੋਂ 5.6 ਪ੍ਰਤੀਸ਼ਤ ਘੱਟ ਹੈ। ਇਸ ਦਾ ਕਾਰਨ ਨਿਰਯਾਤ ਵਿੱਚ ਬਦਲਾਅ ਹੈ।
ਖੇਤਰ ਵਿੱਚ ਮਿਲੀ-ਜੁਲੀ ਸਥਿਤੀ
ਉੱਤਰੀ ਅਫਰੀਕਾ ਵਿੱਚ ਘੱਟ ਬਾਰਸ਼ ਉਤਪਾਦਨ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਦੋਂਕਿ ਦੱਖਣੀ ਅਫਰੀਕਾ ਵਿੱਚ ਬਾਰਸ਼ ਕਰਕੇ 2024 ਦੀ ਪਤਝੜ ਤੋਂ ਬਾਅਦ ਫਸਲ ਉਤਪਾਦਨ ਵਿੱਚ ਸੁਧਾਰ ਦੀ ਉਮੀਦ ਹੈ। ਪੂਰਬੀ ਏਸ਼ੀਆ ਵਿੱਚ ਬਿਹਤਰ ਬਿਜਾਈ ਤੇ ਅਨੁਕੂਲ ਮੌਸਮ ਕਾਰਨ ਕਣਕ ਦਾ ਉਤਪਾਦਨ ਵਧ ਸਕਦਾ ਹੈ, ਪਰ ਪੂਰਬੀ ਏਸ਼ੀਆ ਵਿੱਚ ਘੱਟ ਬਾਰਸ਼ ਕਾਰਨ ਕਣਕ ਦੀ ਪੈਦਾਵਾਰ ਪਿਛਲੇ ਪੰਜ ਸਾਲਾਂ ਦੀ ਔਸਤ ਤੋਂ ਘੱਟ ਹੋ ਸਕਦੀ ਹੈ। ਮੱਧ ਅਮਰੀਕਾ ਤੇ ਕੈਰੇਬੀਅਨ ਵਿੱਚ ਖੁਸ਼ਕ ਮੌਸਮ ਮੈਕਸੀਕੋ ਵਿੱਚ ਅਨਾਜ ਦੀ ਬਿਜਾਈ ਨੂੰ ਘਟਾ ਸਕਦਾ ਹੈ। ਬ੍ਰਾਜ਼ੀਲ ਵਿੱਚ ਚੰਗੀ ਫ਼ਸਲ ਨਾਲ ਕੁੱਲ ਉਤਪਾਦਨ ਔਸਤ ਤੋਂ ਉੱਪਰ ਰਹਿਣ ਦੀ ਉਮੀਦ ਹੈ।
45 ਦੇਸ਼ਾਂ ਵਿੱਚ ਖੁਰਾਕ ਸੰਕਟ
ਦੁਨੀਆ ਵਿੱਚ ਟਕਰਾਅ ਤੇ ਅਸੁਰੱਖਿਆ ਕਾਰਨ ਇੱਕ ਗੰਭੀਰ ਭੋਜਨ ਸੰਕਟ ਹੈ। ਖਾਸ ਕਰਕੇ ਗਾਜ਼ਾ ਤੇ ਸੁਡਾਨ ਵਿੱਚ ਅਕਾਲ ਵਰਗੀ ਸਥਿਤੀ ਹੈ। 45 ਦੇਸ਼ਾਂ ਨੂੰ ਭੋਜਨ ਸਹਾਇਤਾ ਦੀ ਲੋੜ ਹੋ ਸਕਦੀ ਹੈ। ਇਨ੍ਹਾਂ ਵਿੱਚ ਅਫਰੀਕਾ ਦੇ 33 ਦੇਸ਼, ਏਸ਼ੀਆ ਦੇ 9, ਦੱਖਣੀ ਅਮਰੀਕਾ ਤੇ ਕੈਰੇਬੀਅਨ ਦੇ 2 ਤੇ ਯੂਰਪ ਦਾ ਇੱਕ ਦੇਸ਼ ਸ਼ਾਮਲ ਹੈ। ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਭੋਜਨ ਅਸੁਰੱਖਿਆ ਦਾ ਸਭ ਤੋਂ ਉੱਚਾ ਪੱਧਰ (IPC ਪੜਾਅ-5) ਬਣਿਆ ਹੋਇਆ ਹੈ। ਏਕੀਕ੍ਰਿਤ ਪੜਾਅ ਵਰਗੀਕਰਣ ਤੀਬਰ ਭੋਜਨ ਅਸੁਰੱਖਿਆ ਦਾ ਮੁਲਾਂਕਣ ਕਰਨ ਲਈ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਪ੍ਰਣਾਲੀ ਹੈ। ਇਹ ਤੀਬਰ ਭੋਜਨ ਅਸੁਰੱਖਿਆ ਪੈਮਾਨੇ ਦਾ ਸਭ ਤੋਂ ਗੰਭੀਰ ਪੜਾਅ ਹੈ, ਜਿੱਥੇ ਹਰ ਰੋਜ਼ ਪ੍ਰਤੀ 10,000 ਲੋਕਾਂ ਵਿੱਚੋਂ ਦੋ ਜਾਂ ਵੱਧ ਵਿਅਕਤੀ ਜਾਂ ਚਾਰ ਜਾਂ ਵੱਧ ਬੱਚੇ ਮਰ ਸਕਦੇ ਹਨ।